ਇੱਕ ਖੁਸ਼ਹਾਲ ਜੀਵਨ ਜਿਉਣ ਦੇ ਲਾਭਕਾਰੀ ਸਾਧਨ
ਸ਼ੇਖ਼ ਅਬਦੁਰ-ਰਹਿਮਾਨ ਬਿਨ ਨਾਸਿਰ ਅਸ-ਸਾਅਦੀ ਦੀ ਇਹ ਕਿਤਾਬ "ਇੱਕ ਖੁਸ਼ਹਾਲ ਜੀਵਨ ਜਿਉਣ ਦੇ ਲਾਭਕਾਰੀ ਸਾਧਨ" ਅਸਲ ਖੁਸ਼ੀ ਦੇ ਕਾਰਨਾਂ 'ਤੇ ਡੂੰਘੇ ਈਮਾਨੀ ਨਜ਼ਰੀਏ ਤੋਂ ਚਰਚਾ ਕਰਦੀ ਹੈ। ਇਹ ਪਾਠਕ ਨੂੰ ਈਮਾਨ, ਨੇਕ ਅਮਲਾਂ, ਅੱਲਾਹ ਦਾ ਜ਼ਿਕਰ, ਸੰਤੋਖ, ਨਿਅਮਤਾਂ ਦਾ ਸ਼ੁਕਰ, ਚੰਗਿਆਈ, ਅੱਲਾਹ 'ਤੇ ਭਰੋਸਾ, ਸਬਰ ਅਤੇ ਮਾਮਲਿਆਂ ਦੀ ਹਕੀਕਤ ਦੀ ਕਦਰ ਦੁਆਰਾ ਦਿਲ ਦੇ ਸੁਕੂਨ ਵੱਲ ਮਾਰਗਦਰਸ਼ਨ ਕਰਦੀ ਹੈ। ਇਹ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੇ ਬਾਵਜੂਦ, ਇੱਕ ਸੁੰਦਰ ਅੰਦਾਜ਼ ਵਿੱਚ ਤੁਹਾਡੇ ਸਾਹਮਣੇ ਇੱਕ ਸ਼ਾਂਤਮਈ, ਸੰਤੁਲਿਤ ਅਤੇ ਖੁਸ਼ਹਾਲ ਜੀਵਨ ਦਾ ਨਕਸ਼ਾ ਪੇਸ਼ ਕਰਦੀ ਹੈ।
These files are generated automatically from the book's text; their layout may differ from the printed edition.
ਇੱਕ ਖੁਸ਼ਹਾਲ ਜੀਵਨ ਜਿਉਣ ਦੇ ਲਾਭਕਾਰੀ ਸਾਧਨ
ਰਚਨਾ
ਸ਼ੇਖ ਅਬਦੁਰ-ਰਹਿਮਾਨ ਬਿਨ ਨਾਸਿਰ ਅਲ-ਸਾਅਦੀ (ਰਹੀਮਾ ਹੁੱਲਾਹ)
ਜਾਣ ਪਛਾਣ
ਅੱਲਾਹ ਦੀ ਤਾਰੀਫ਼ ਹੋਵੇ ਜੋ ਕਿ ਸਾਰੀਆਂ ਹੀ ਤਾਰੀਫਾਂ ਦਾ ਮਾਲਕ ਹੈ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ, ਉਹ ਇਕੱਲਾ ਹੈ ਅਤੇ ਉਸਦਾ ਕੋਈ ਸਾਂਝੀ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ। ਅੱਲਾਹ ਦੀ ਬਖਸ਼ਿਸ਼ ਅਤੇ ਸਲਾਮਤੀ ਹੋਵੇ ਆਪ ﷺ ਉੱਤੇ, ਉਨ੍ਹਾਂ ਦੇ ਪਰਿਵਾਰ ਅਤੇ ਸਹਾਬੀਆਂ ਉੱਤੇ।
ਹੁਣ ਅਸਲ ਵਿਸ਼ੇ ਦੀ ਗੱਲ: ਦਿਲ ਦੀ ਰਾਹਤ, ਇਸ ਦੀ ਤਸੱਲੀ, ਇਸ ਦੀ ਖੁਸ਼ੀ, ਅਤੇ ਪਰੇਸ਼ਾਨੀਆਂ ਤੇ ਫਿਕਰਾਂ ਤੋਂ ਦੂਰ ਰਹਿਣਾ—ਇਹ ਹਰ ਇੱਕ ਮਨੁੱਖ ਦੀ ਮੰਗ ਹੈ। ਇਨ੍ਹਾਂ ਨਾਲ ਹੀ ਸੁਖਦਾਈ ਅਤੇ ਪਵਿੱਤਰ ਜੀਵਨ ਪ੍ਰਾਪਤ ਹੁੰਦਾ ਹੈ ਅਤੇ ਪੂਰੀ ਖੁਸ਼ੀ ਤੇ ਪ੍ਰਸੰਨਤਾ ਮਿਲਦੀ ਹੈ। ਇਸ ਦੇ ਕੁਝ ਸਾਧਨ ਦੀਨੀ ਹੁੰਦੇ ਹਨ, ਕੁਝ ਕੁਦਰਤੀ ਅਤੇ ਕੁਝ ਅਮਲੀ। ਪਰ ਇਨ੍ਹਾਂ ਸਾਰੇ ਸਾਧਨਾਂ ਦਾ ਪੂਰਾ ਲਾਭ ਤਾਂ ਸਿਰਫ਼ ਮੋਮਿਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਰਹੀ ਗੱਲ ਹੋਰਨਾਂ ਲੋਕਾਂ ਦੀ—ਤਾਂ ਭਾਵੇਂ ਉਹ ਇਸਨੂੰ ਕਿਸੇ ਇੱਕ ਤਰੀਕੇ ਰਾਹੀਂ ਜਾਂ ਕਿਸੇ ਇੱਕ ਸਾਧਨ ਰਾਹੀਂ ਪ੍ਰਾਪਤ ਕਰ ਵੀ ਲੈਣ, ਜਿਸ ਲਈ ਉਨ੍ਹਾਂ ਦੇ ਅਕਲਮੰਦ ਲੋਕ ਬਹੁਤ ਕੋਸ਼ਿਸ਼ ਵੀ ਕਰਦੇ ਹਨ ਤਾਂ ਵੀ ਉਹ, ਉਨ੍ਹਾਂ ਸਾਧਨਾਂ ਤੋਂ ਵਾਂਝੇ ਰਹਿ ਜਾਂਦੇ ਹਨ ਜੋ ਵਧੇਰੇ ਲਾਭਦਾਇਕ, ਵਧੇਰੇ ਮਜ਼ਬੂਤ, ਅਤੇ ਸਮੇਂ ਤੇ ਸਥਿਤੀ ਦੇ ਹਿਸਾਬ ਨਾਲ ਕਿਤੇ ਵਧੀਆ ਹੁੰਦੇ ਹਨ।
ਮੈਂ ਆਪਣੇ ਇਸ ਲੇਖ ਵਿੱਚ, ਉਸ ਸਭ ਤੋਂ ਉੱਚੇ ਮਕਸਦ ਦੇ, ਜਿਸ ਨੂੰ ਹਰ ਕੋਈ ਹਾਸਲ ਕਰਨਾ ਚਾਹੁੰਦਾ ਹੈ, ਉਨ੍ਹਾਂ ਸਾਧਨਾ ਦਾ ਜ਼ਿਕਰ ਕਰਾਂਗਾ ਜੋ ਮੇਰੀ ਸਮਝ ਵਿੱਚ ਆਉਂਦੇ ਹਨ।
ਕੁੱਝ ਲੋਕਾਂ ਨੇ ਇਨ੍ਹਾਂ ਸਾਧਨਾ ਦਾ ਵੱਡਾ ਹਿੱਸਾ ਹਾਸਲ ਕੀਤਾ ਅਤੇ ਇੱਕ ਖੁਸ਼ਹਾਲ ਤੇ ਚੰਗਾ ਜੀਵਨ ਬਤੀਤ ਕੀਤਾ, ਅਤੇ ਕੁੱਝ ਇਸ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੇ ਅਤੇ ਦੁੱਖ ਤੇ ਬਦਕਿਸਮਤੀ ਵਾਲਾ ਜੀਵਨ ਜੀ ਰਹੇ ਹਨ । ਜਦੋਂ ਕਿ ਕੁੱਝ ਵਿਚਕਾਰਲੇ ਹਨ, ਅਤੇ ਉਸੇ ਪ੍ਰਕਾਰ ਦੇ ਜੀਵਨ ਜੀ ਰਹੇ ਹਨ। ਬੇਸ਼ੱਕ ਅੱਲਾਹ ਹੀ ਹਰ ਨੇਕੀ ਦੀ ਬਖਸ਼ਿਸ਼ ਕਰਨ ਵਾਲਾ ਹੈ, ਅਤੇ ਹਰ ਭਲਾਈ ਲਈ ਉਸੇ ਤੋਂ ਮਦਦ ਮੰਗਣੀ ਚਾਹੀਦੀ ਹੈ। ਉਹੀਓ ਹੈ ਜੋ ਹਰ ਬੁਰਾਈ ਨੂੰ ਦੂਰ ਕਰਨ ਵਾਲਾ ਹੈ।
ਪਾਠ: ਈਮਾਨ ਅਤੇ ਨੇਕ ਅਮਲ
ਇੱਕ ਖੁਸ਼ਹਾਲ ਜੀਵਨ ਦਾ ਸਭ ਤੋਂ ਵੱਡਾ ਸਾਧਨ ਅਤੇ ਇਸਦੀ ਅਸਲ ਬੁਨਿਆਦ- ਈਮਾਨ ਅਤੇ ਨੇਕ ਅਮਲ ਹਨ। ਅੱਲਾਹ ਤਆਲਾ ਫਰਮਾਉਂਦਾ ਹੈ: ਜੋ ਵੀ ਵਿਅਕਤੀ ਨੇਕ ਕਰਮ ਕਰੇਗਾ, ਪੁਰਸ਼ ਹੋਵੇ ਜਾਂ ਇਸਤਰੀ, ਪਰ ਹੋਵੇ ਈਮਾਨ ਵਾਲਾ ਤਾਂ ਅਸੀਂ ਉਸ ਨੂੰ ਬਹੁਤ ਹੀ ਪਾਕੀਜ਼ਾ ਜੀਵਨ ਬਤੀਤ ਕਰਾਵਾਂਗੇ ਅਤੇ (ਪਰਲੋਕ ਵਿੱਚ) ਉਹਨਾਂ ਦੇ ਨੇਕ ਕਰਮਾਂ ਦਾ ਵਧੀਆ ਬਦਲਾ ਵੀ ਉਹਨਾਂ ਨੂੰ ਜ਼ਰੂਰ ਦੇਵਾਂਗੇ। (ਸੂਰਤ ਅਨ-ਨਹਲ: 97)
ਇਸ ਲਈ ਅੱਲਾਹ ਤਆਲਾ ਨੇ ਖੁਸ਼ਖ਼ਬਰੀ ਦਿੱਤੀ ਹੈ ਅਤੇ ਵਾਅਦਾ ਕੀਤਾ ਹੈ ਕਿ ਜਿਸਨੇ ਈਮਾਨ ਦੇ ਨਾਲ ਨੇਕ ਅਮਲ ਕੀਤੇ, ਉਸ ਨੂੰ ਇਸ ਸੰਸਾਰ ਵਿੱਚ ਅਤੇ ਪਰਲੋਕ ਵਿੱਚ ਚੰਗਾ ਬਦਲਾ ਮਿਲੇਗਾ।
ਇਸਦਾ ਕਾਰਨ ਸਪੱਸ਼ਟ ਹੈ, ਕਿਉਂਕਿ ਜਿਹੜੇ ਮੋਮਿਨ ਅੱਲਾਹ 'ਤੇ ਸੱਚਾ ਈਮਾਨ ਰੱਖਦੇ ਹਨ — ਇੱਕ ਅਜਿਹਾ ਈਮਾਨ ਜੋ ਨੇਕ ਅਮਲਾਂ ਨੂੰ ਜਨਮ ਦਿੰਦਾ ਹੈ ਅਤੇ ਦਿਲਾਂ ਦਾ, ਚੰਗੇ ਆਚਰਣ ਦਾ, ਦੁਨੀਆ ਦਾ ਅਤੇ ਆਖ਼ਰਤ ਦਾ ਸੁਧਾਰ ਕਰਦਾ ਹੈ — ਉਨ੍ਹਾਂ ਕੋਲ ਅਜਿਹੇ ਅਸੂਲ ਅਤੇ ਬੁਨਿਆਦਾਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਉਹ ਆਪਣੇ ਜੀਵਨ ਵਿੱਚ ਆਉਣ ਵਾਲੀ ਹਰ ਖੁਸ਼ੀ ਅਤੇ ਆਨੰਦ ਦੀ ਘੜੀ ਦੇ ਨਾਲ-ਨਾਲ ਬੇਚੈਨੀ, ਫ਼ਿਕਰ ਅਤੇ ਦੁੱਖ ਦੀ ਘੜੀ ਦਾ ਵੀ ਸਵਾਗਤ ਕਰਦੇ ਹਨ।
ਉਹ ਪਸੰਦੀਦਾ ਚੀਜ਼ਾਂ ਨੂੰ ਖੁਸ਼ੀ ਨਾਲ ਕਬੂਲ ਕਰਦੇ ਹਨ, ਉਹਨਾਂ 'ਤੇ ਸ਼ੁਕਰ ਕਰਦੇ ਹਨ, ਅਤੇ ਉਹਨਾਂ ਨੂੰ ਲਾਭਦਾਇਕ ਕੰਮਾਂ ਵਿੱਚ ਵਰਤਦੇ ਹਨ। ਜਦੋਂ ਉਹ ਇਹ ਸਭ ਕਰਦੇ ਹਨ, ਤਾਂ ਇਸ ਨਾਲ ਉਹਨਾਂ ਨੂੰ ਜੋ ਖੁਸ਼ੀ ਮਿਲਦੀ ਹੈ - ਇਹਨਾਂ ਦੇ ਜਾਰੀ ਰਹਿਣ ਤੇ ਬਰਕਤ ਦੀ ਚਾਹਤ, ਅਤੇ ਇਹਨਾਂ ਦਾ ਸ਼ੁਕਰ ਕਰਨ 'ਤੇ ਵੱਡੇ ਸਵਾਬ ਦੀ ਉਮੀਦ - ਉਹ ਉਨ੍ਹਾਂ ਦੀ ਅਸਲ ਖੁਸ਼ੀ ਤੋਂ ਕਿਤੇ ਵੱਧ ਹੁੰਦੀ ਹੈ।
ਜਦੋਂ ਕਿ ਮੁਸ਼ਕਿਲਾਂ, ਨੁਕਸਾਨਾਂ, ਫ਼ਿਕਰਾਂ ਅਤੇ ਦੁੱਖਾਂ ਵਿੱਚੋਂ ਜਿਸਦਾ ਮੁਕਾਬਲਾ ਉਹ ਕਰ ਸਕਦੇ ਹਨ ਉਸਦਾ ਮੁਕਾਬਲਾ ਕਰਦੇ ਹਨ, ਜਿਸਨੂੰ ਘੱਟ ਕਰ ਸਕਦੇ ਹਨ ਉਸਨੂੰ ਘੱਟ ਕਰਦੇ ਹਨ, ਅਤੇ ਜਿਸ ਤੋਂ ਬਚਣ ਦਾ ਕੋਈ ਚਾਰਾ ਨਹੀਂ ਉਸ 'ਤੇ ਸੋਹਣੇ ਢੰਗ ਨਾਲ ਸਬਰ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਨਤੀਜੇ ਵਿੱਚ ਲਾਭਦਾਇਕ ਸੰਘਰਸ਼, ਤਜਰਬੇ, ਤਾਕਤ, ਸਬਰ ਅਤੇ ਅਜਰ 'ਤੇ ਸਵਾਬ ਮਿਲਣ ਦੀ ਉਮੀਦ ਵਰਗੇ ਵੱਡੇ ਲਾਭ ਹਾਸਲ ਹੁੰਦੇ ਹਨ ਕਿ ਜਿਨ੍ਹਾਂ ਅੱਗੇ ਮੁਸ਼ਕਿਲਾਂ ਫਿਕੀਆਂ ਪੈ ਜਾਂਦੀਆਂ ਹਨ, ਅਤੇ ਉਨ੍ਹਾਂ ਦੀ ਜਗ੍ਹਾ ਖੁਸ਼ੀਆਂ, ਚੰਗੀਆਂ ਉਮੀਦਾਂ, ਅੱਲਾਹ ਦੀ ਕਿਰਪਾ ਅਤੇ ਉਸ ਕੋਲੋਂ ਸਵਾਬ ਮਿਲਣ ਦੀ ਆਸ ਲੈ ਲੈਂਦੀਆਂ ਹਨ। ਜਿਵੇਂ ਕਿ ਨਬੀ ﷺ ਨੇ ਇਸ ਬਾਰੇ ਇੱਕ ਸਹੀਹ ਹਦੀਸ ਵਿੱਚ ਫਰਮਾਇਆ ਹੈ: "ਮੋਮਿਨ ਦਾ ਮਾਮਲਾ ਵੀ ਅਜੀਬ ਹੈ ਕਿ ਉਸ ਦਾ ਹਰ ਕੰਮ ਉਸ ਲਈ ਭਲਾਈ ਵਾਲਾ ਹੁੰਦਾ ਹੈ। ਜੇ ਉਸ ਨੂੰ ਖੁਸ਼ੀ ਮਿਲੇ, ਤਾਂ ਉਹ ਸ਼ੁਕਰ ਕਰਦਾ ਹੈ, ਅਤੇ ਇਹ ਉਸ ਲਈ ਬਿਹਤਰ ਹੁੰਦਾ ਹੈ; ਅਤੇ ਜੇ ਉਸ ਨੂੰ ਕੋਈ ਤਕਲੀਫ਼ ਪਹੁੰਚੇ, ਤਾਂ ਉਹ ਸਬਰ ਕਰਦਾ ਹੈ, ਅਤੇ ਇਹ ਵੀ ਉਸ ਲਈ ਬਿਹਤਰ ਹੁੰਦਾ ਹੈ। ਅਤੇ ਇਹ ਵਿਸ਼ੇਸ਼ਤਾ ਮੋਮਿਨ ਤੋਂ ਬਿਨਾ ਹੋਰ ਕਿਸੇ ਨੂੰ ਹਾਸਲ ਨਹੀਂ ਹੁੰਦੀ।" ਇਮਾਮ ਮੁਸਲਿਮ ਨੇ ਇਸ ਹਦੀਸ ਨੂੰ ਬਿਆਨ ਕੀਤਾ ਹੈ।
ਇਸ ਹਦੀਸ ਵਿੱਚ ਨਬੀ ﷺ ਨੇ ਦੱਸਿਆ ਹੈ ਕਿ ਮੋਮਿਨ ਨੂੰ ਖੁਸ਼ੀ ਤੇ ਕਸ਼ਟ ਦੀ ਹਰ ਹਾਲਤ ਵਿੱਚ ਮਿਲਣ ਵਾਲੇ ਫਾਇਦੇ, ਭਲਾਈ ਅਤੇ ਉਸਦੇ ਅਮਲਾਂ ਦੇ ਫਲ ਕਈ ਗੁਣਾ ਵੱਧ ਜਾਂਦੇ ਹਨ। ਇਸੇ ਲਈ ਤੁਸੀਂ ਦੇਖੋਗੇ ਕਿ ਜਦੋਂ ਦੋ ਬੰਦਿਆਂ ਉੱਤੇ ਭਲਾਈ ਜਾਂ ਬੁਰਾਈ ਦੀ ਕੋਈ ਘਟਨਾ ਵਾਪਰਦੀ ਹੈ, ਤਾਂ ਉਸਨੂੰ ਕਬੂਲ ਕਰਨ ਵਿੱਚ ਉਨ੍ਹਾਂ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ, ਅਤੇ ਇਹ ਅੰਤਰ ਉਨ੍ਹਾਂ ਦੇ ਈਮਾਨ ਅਤੇ ਨੇਕ ਅਮਲਾਂ ਵਿਚਲੇ ਅੰਤਰ ਦੇ ਅਧਾਰ 'ਤੇ ਹੁੰਦਾ ਹੈ। ਇਹ ਦੋਨੋ ਸਿਫ਼ਤਾਂ ਰੱਖਣ ਵਾਲਾ ਵਿਅਕਤੀ ਖੁਸ਼ੀ ਅਤੇ ਦੁੱਖ ਦੇ ਹਾਲਾਤਾਂ ਨੂੰ ਸ਼ੁਕਰ, ਸਬਰ ਅਤੇ ਉਨ੍ਹਾਂ ਨਾਲ ਜੁੜੇ ਹੋਰ ਅਮਲਾਂ ਨਾਲ ਕਬੂਲ ਕਰਦਾ ਹੈ। ਇਸ ਨਾਲ ਉਸ ਨੂੰ ਖੁਸ਼ੀ ਅਤੇ ਆਨੰਦ ਪ੍ਰਾਪਤ ਹੁੰਦਾ ਹੈ, ਅਤੇ ਉਸ ਦੀ ਫ਼ਿਕਰ, ਗ਼ਮ, ਬੇਚੈਨੀ, ਦਿਲ ਦੀ ਤੰਗੀ ਅਤੇ ਜੀਵਨ ਦੀ ਮੰਦਭਾਗੀ ਦੂਰ ਹੋ ਜਾਂਦੀ ਹੈ; ਅਤੇ ਇਸ ਦੁਨੀਆ ਵਿੱਚ ਉਸ ਨੂੰ ਇੱਕ ਸੋਹਣਾ ਜੀਵਨ ਜਿਉਣ ਨੂੰ ਮਿਲਦਾ ਹੈ। ਜਦੋਂ ਕਿ ਦੂਜਾ ਵਿਅਕਤੀ ਮਨ-ਪਸੰਦ ਚੀਜ਼ਾਂ ਨੂੰ ਹੰਕਾਰ, ਆਕੜ ਅਤੇ ਬਦਮਾਸ਼ੀ ਨਾਲ ਕਬੂਲ ਕਰਦਾ ਹੈ। ਇਸ ਨਾਲ ਉਸਦਾ ਚਰਿੱਤਰ ਵਿਗੜ ਜਾਂਦਾ ਹੈ ਅਤੇ ਉਹ ਇਹਨਾਂ ਚੀਜ਼ਾਂ ਨੂੰ ਜਾਨਵਰਾਂ ਵਾਂਗ ਲਾਲਚ ਅਤੇ ਬੇਸਬਰੀ ਨਾਲ ਹਾਸਲ ਕਰਦਾ ਹੈ। ਇਸ ਦੇ ਨਾਲ ਹੀ, ਉਸਦਾ ਦਿਲ ਬੇਚੈਨ ਰਹਿੰਦਾ ਹੈ, ਸਗੋਂ ਕਈ ਥਾਵਾਂ ਤੋਂ ਭਟਕਿਆ ਰਹਿੰਦਾ ਹੈ: ਉਹ ਭਟਕਦਾ ਹੈ ਆਪਣੀਆਂ ਮਨ-ਪਸੰਦ ਚੀਜ਼ਾਂ ਦੇ ਖਤਮ ਹੋ ਜਾਣ ਤੋਂ, ਉਹਨਾਂ ਤੋਂ ਪੈਦਾ ਹੋਣ ਵਾਲੀਆਂ ਬਹੁਤ ਸਾਰੀਆਂ ਰੁਕਾਵਟਾਂ ਤੋਂ, ਅਤੇ ਇਸ ਕਾਰਨ ਤੋਂ ਵੀ ਕਿ ਮਨ ਕਿਸੇ ਹੱਦ 'ਤੇ ਨਹੀਂ ਰੁਕਦਾ, ਸਗੋਂ ਹਰ ਵੇਲੇ ਹੋਰ ਚੀਜ਼ਾਂ ਲਈ ਮੰਗ ਕਰਦਾ ਰਹਿੰਦਾ ਹੈ, ਜੋ ਕੀ ਪਤਾ ਮਿਲਣ ਜਾਂ ਨਾ ਮਿਲਣ। ਜੇਕਰ ਮੰਨ ਲਵੋ ਕਿ ਉਹ ਮਿਲ ਵੀ ਜਾਣ, ਤਾਂ ਵੀ ਉਹ ਉੱਪਰ ਦੱਸੇ ਕਾਰਨਾਂ ਕਰਕੇ ਬੇਚੈਨ ਹੀ ਰਹਿੰਦਾ ਹੈ। ਇਸੇ ਤਰ੍ਹਾਂ ਉਹ ਮੁਸ਼ਕਿਲਾਂ ਦਾ ਸਾਹਮਣਾ ਬੇਚੈਨੀ, ਘਬਰਾਹਟ, ਡਰ ਅਤੇ ਪਰੇਸ਼ਾਨੀ ਨਾਲ ਕਰਦਾ ਹੈ। ਇਸ ਹਾਲ ਵਿੱਚ ਉਸਨੂੰ ਜ਼ਿੰਦਗੀ ਦੀਆਂ ਮੁਸੀਬਤਾਂ, ਫ਼ਿਕਰਾਂ, ਦਿਮਾਗੀ ਬਿਮਾਰੀਆਂ, ਅਤੇ ਅਜਿਹੇ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਸਨੂੰ ਸਭ ਤੋਂ ਬੁਰੇ ਹਲਾਤਾਂ ਅਤੇ ਭਿਆਨਕ ਪਰੇਸ਼ਾਨੀਆਂ ਤੱਕ ਪਹੁੰਚਾ ਸਕਦੇ ਹਨ। ਇਹ ਸਭ ਇਸ ਲਈ ਹੁੰਦਾ ਹੈ ਕਿਉਂਕਿ ਉਹ ਕਿਸੇ ਸਵਾਬ ਦੇ ਮਿਲਣ ਦੀ ਉਮੀਦ ਨਹੀਂ ਰੱਖਦਾ, ਅਤੇ ਨਾ ਹੀ ਉਸ ਕੋਲ ਅਜਿਹਾ ਸਬਰ ਹੁੰਦਾ ਹੈ ਜੋ ਉਸਨੂੰ ਤਸੱਲੀ ਦੇਵੇ ਅਤੇ ਉਸ ਦੀ ਮੁਸ਼ਕਿਲ ਨੂੰ ਆਸਾਨ ਕਰੇ।
ਇਹ ਸਭ ਤਜਰਬੇ ਨਾਲ ਪਤਾ ਚੱਲ ਜਾਂਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਦੀ ਹੀ ਇੱਕ ਉਦਾਹਰਣ 'ਤੇ ਗੌਰ ਕਰਕੇ ਇਸ ਨੂੰ ਲੋਕਾਂ ਦੇ ਹਾਲਾਤਾਂ 'ਤੇ ਲਾਗੂ ਕਰੋ, ਤਾਂ ਤੁਸੀਂ ਉਸ ਮੋਮਿਨ ਵਿਚਕਾਰ ਜੋ ਆਪਣੇ ਈਮਾਨ ਦੇ ਹੁਕਮਾਂ ਅਨੁਸਾਰ ਅਮਲ ਕਰਦਾ ਹੈ, ਅਤੇ ਉਸ ਵਿਅਕਤੀ ਵਿਚਕਾਰ ਜੋ ਅਜਿਹਾ ਨਹੀਂ ਕਰਦਾ, ਇੱਕ ਵੱਡਾ ਅੰਤਰ ਦੇਖੋਗੇ। ਇਹ ਇਸ ਲਈ ਹੈ ਕਿਉਂ ਜੋ ਇਸਲਾਮ ਧਰਮ ਅੱਲਾਹ ਦੇ ਦਿੱਤੇ ਰਿਜ਼ਕ 'ਤੇ, ਅਤੇ ਉਸਦੀ ਆਪਣੇ ਬੰਦਿਆਂ 'ਤੇ ਕੀਤੀ ਕਿਰਪਾ ਅਤੇ ਕਰਮ 'ਤੇ ਰਾਜ਼ੀ ਰਹਿਣ 'ਤੇ ਪੂਰਾ ਜ਼ੋਰ ਦਿੰਦਾ ਹੈ।
ਇਸ ਲਈ ਜਦੋਂ ਮੋਮਿਨ ਕਿਸੇ ਬਿਮਾਰੀ, ਗਰੀਬੀ ਜਾਂ ਅਜਿਹੀ ਕਿਸੇ ਹੋਰ ਮੁਸੀਬਤ ਵਿੱਚ ਫਸ ਜਾਂਦਾ ਹੈ ਜਿਸ ਦਾ ਸਾਹਮਣਾ ਹਰ ਕਿਸੇ ਨੂੰ ਕਰਨਾ ਪੈਂਦਾ ਹੈ, ਤਾਂ ਉਹ ਆਪਣੇ ਈਮਾਨ, ਅੱਲਾਹ ਦੇ ਦਿੱਤੇ 'ਤੇ ਸੰਤੋਸ਼ (ਕਨਾਅਤ) ਅਤੇ ਰਜ਼ਾ ਰੱਖਣ ਕਾਰਨ ਸਕੂਨ ਵਿੱਚ ਰਹਿੰਦਾ ਹੈ। ਉਹ ਦਿਲ ਵਿੱਚ ਅਜਿਹੀ ਕਿਸੇ ਚੀਜ਼ ਦੀ ਇੱਛਾ ਨਹੀਂ ਰੱਖਦਾ ਜੋ ਉਸਦੀ ਤਕਦੀਰ ਵਿੱਚ ਨਹੀਂ ਹੈ। ਉਹ ਆਪਣੇ ਤੋਂ ਨਿਚਲੇ ਨੂੰ ਵੇਖਦਾ ਹੈ, ਨਾ ਕਿ ਆਪਣੇ ਤੋਂ ਉੱਪਰ ਵਾਲੇ ਨੂੰ। ਸਗੋਂ ਕਈ ਵਾਰ ਉਸਦੀ ਖੁਸ਼ੀ ਅਤੇ ਰਾਹਤ ਉਸ ਵਿਅਕਤੀ ਨਾਲੋਂ ਵੀ ਵੱਧ ਜਾਂਦੀ ਹੈ ਜਿਸਨੂੰ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਮਿਲੀਆਂ ਹੋਣ, ਪਰ ਉਸਨੂੰ ਸੁੱਖ ਨਾ ਮਿਲਿਆ ਹੋਵੇ।
ਇਸੇ ਤਰ੍ਹਾਂ, ਜਿਸ ਵਿਅਕਤੀ ਕੋਲ ਈਮਾਨ ਦੇ ਹੁਕਮਾਂ ਮੁਤਾਬਕ ਅਮਲ ਨਹੀਂ ਹੁੰਦਾ, ਜਦੋਂ ਉਸਨੂੰ ਥੋੜੀ ਜਿਹੀ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਾਂ ਉਹ ਕੁੱਝ ਦੁਨਿਆਵੀ ਚੀਜ਼ਾਂ ਗੁਆ ਬੈਠਦਾ ਹੈ, ਤਾਂ ਉਹ ਸਖ਼ਤ ਮੰਦਭਾਗੀ ਅਤੇ ਬਦਨਸੀਬੀ ਵਿੱਚ ਘਿਰ ਜਾਂਦਾ ਹੈ।
ਇਸ ਦੀ ਇੱਕ ਹੋਰ ਉਦਾਹਰਣ ਹੈ: ਜਦੋਂ ਡਰ ਦੇ ਹਾਲਾਤ ਪੈਦਾ ਹੋ ਜਾਣ ਅਤੇ ਇਨਸਾਨ ਨੂੰ ਪਰੇਸ਼ਾਨੀਆਂ ਘੇਰ ਲੈਣ, ਤਾਂ ਤੁਸੀਂ ਸੱਚੇ ਈਮਾਨ ਵਾਲੇ ਨੂੰ ਦਿਲ ਤੋਂ ਸਥਿਰ ਅਤੇ ਮਨ ਤੋਂ ਸੰਤੁਸ਼ਟ ਵੇਖੋਂਗੇ। ਉਹ ਉਸ ਅਚਾਨਕ ਆਈ ਪਰੇਸ਼ਾਨੀ ਦਾ ਆਪਣੀ ਸੋਚ, ਬੋਲ ਅਤੇ ਅਮਲ ਨਾਲ, ਆਪਣੀ ਪੂਰੀ ਸਮਰੱਥਾ ਅਨੁਸਾਰ, ਪ੍ਰਬੰਧ ਕਰਨ ਦੇ ਕਾਬਿਲ ਹੁੰਦਾ ਹੈ। ਉਸਨੇ ਆਪਣੇ ਆਪ ਨੂੰ ਅਜਿਹੀ ਕਿਸੇ ਵੀ ਪਰੇਸ਼ਾਨੀ ਲਈ ਤਿਆਰ ਕੀਤਾ ਹੁੰਦਾ ਹੈ। ਇਹ ਉਹ ਹਾਲਤਾਂ ਹਨ ਜੋ ਇਨਸਾਨ ਨੂੰ ਸਕੂਨ ਬਖ਼ਸ਼ਦੀਆਂ ਹਨ ਅਤੇ ਉਸਦੇ ਦਿਲ ਨੂੰ ਮਜ਼ਬੂਤੀ ਦਿੰਦੀਆਂ ਹਨ।
ਇਸ ਦੇ ਉਲਟ, ਤੁਸੀਂ ਈਮਾਨ ਦੀ ਕਮੀ ਵਾਲੇ ਨੂੰ ਦੇਖੋਗੇ ਕਿ ਜਦੋਂ ਡਰ ਦੇ ਹਾਲਾਤ ਪੈਦਾ ਹੁੰਦੇ ਹਨ, ਤਾਂ ਉਸਦਾ ਦਿਲ ਬੇਚੈਨ ਹੋ ਜਾਂਦਾ ਹੈ, ਉਸ ਦਾ ਦਿਮਾਗ ਤਣਾਅ ਵਿੱਚ ਆ ਜਾਂਦਾ ਹੈ, ਉਸਦੇ ਵਿਚਾਰ ਖਿੰਡ-ਪੁੰਡ ਜਾਂਦੇ ਹਨ ਅਤੇ ਉਸਦੇ ਅੰਦਰ ਡਰ ਅਤੇ ਦਹਿਸ਼ਤ ਭਰ ਜਾਂਦੀ ਹੈ। ਉਸ ਉੱਤੇ ਬਾਹਰੀ ਡਰ ਅਤੇ ਅਜਿਹੀ ਅੰਦਰੂਨੀ ਚਿੰਤਾ ਹਾਵੀ ਹੋ ਜਾਂਦੀ ਹੈ ਜਿਸਦੀ ਅਸਲ ਹਕੀਕਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਦੇ ਲੋਕਾਂ ਨੂੰ ਜੇ ਕੁੱਝ ਅਜਿਹੇ ਕੁਦਰਤੀ ਸਾਧਨ ਨਾ ਮਿਲਣ ਜਿਨ੍ਹਾਂ ਲਈ ਬਹੁਤ ਅਭਿਆਸ ਦੀ ਲੋੜ ਹੁੰਦੀ ਹੈ, ਤਾਂ ਉਹਨਾਂ ਦੀਆਂ ਤਾਕਤਾਂ ਢਹਿ-ਢੇਰੀ ਹੋ ਜਾਂਦੀਆਂ ਹਨ ਅਤੇ ਉਹਨਾਂ ਦਾ ਮਨ ਤਣਾਅ ਵਿੱਚ ਆ ਜਾਂਦਾ ਹੈ। ਇਹ ਸਭ ਈਮਾਨ ਦੀ ਕਮੀ ਕਾਰਨ ਹੁੰਦਾ ਹੈ, ਜਿਹੜਾ ਖਾਸ ਕਰਕੇ ਗੰਭੀਰ ਸਥਿਤੀਆਂ ਅਤੇ ਦੁਖਦਾਈ ਤੇ ਪ੍ਰੇਸ਼ਾਨ ਕਰਨ ਵਾਲੇ ਹਾਲਾਤਾਂ ਵਿੱਚ ਸਬਰ 'ਤੇ ਕਾਇਮ ਰੱਖਦਾ ਹੈ।
ਇਸ ਲਈ ਨੇਕ ਅਤੇ ਪਾਪੀ, ਮੋਮਿਨ ਅਤੇ ਕਾਫ਼ਰ ਦੋਵੇਂ ਹਿੰਮਤ ਹਾਸਲ ਕਰਨ ਵਿੱਚ ਅਤੇ ਉਸ ਫਿਤਰਤ ਵਿੱਚ ਸਾਂਝੇ ਹੁੰਦੇ ਹਨ ਜੋ ਡਰ ਨੂੰ ਘੱਟ ਅਤੇ ਹਲਕਾ ਕਰਦੀ ਹੈ। ਪਰ ਮੋਮਿਨ ਆਪਣੇ ਈਮਾਨ ਦੀ ਤਾਕਤ, ਸਬਰ, ਅੱਲਾਹ 'ਤੇ ਤਵੱਕੁਲ ਅਤੇ ਭਰੋਸੇ, ਅਤੇ ਉਸ ਕੋਲੋਂ ਸਵਾਬ ਮਿਲਣ ਦੀ ਉਮੀਦ ਰੱਖਣ ਕਾਰਨ ਵੱਖਰਾ ਹੁੰਦਾ ਹੈ — ਇਹ ਉਹ ਮਾਮਲੇ ਹਨ ਜਿਨ੍ਹਾਂ ਨਾਲ ਉਸਦੀ ਹਿੰਮਤ ਵਧਦੀ ਹੈ, ਉਸ ਤੋਂ ਡਰ ਦਾ ਬੋਝ ਹਲਕਾ ਹੁੰਦਾ ਹੈ, ਅਤੇ ਉਸ ਦੀਆਂ ਮੁਸ਼ਕਿਲਾਂ ਆਸਾਨ ਹੋ ਜਾਂਦੀਆਂ ਹਨ, ਜਿਵੇਂ ਕਿ ਅੱਲਾਹ ਤਆਲਾ ਦਾ ਫਰਮਾਨ ਹੈ: "...ਜੇ ਤੁਹਾਨੂੰ ਕਸ਼ਟ ਹੁੰਦੇ ਹਨ ਤਾਂ ਇਹਨਾਂ ਨੂੰ ਵੀ ਤੁਹਾਡੀ ਤਰ੍ਹਾਂ ਕਸ਼ਟ ਹੁੰਦਾ ਹੇ। ਤੁਸਾਂ ਅੱਲਾਹ ਤੋਂ ਜਿਸ ਚੀਜ਼ ਦੀਆਂ ਆਸਾਂ ਰੱਖਦੇ ਹੋ ਉਹ ਆਸਾਂ ਉਹਨਾਂ (ਦੁਸ਼ਮਨਾਂ) ਨੂੰ ਨਹੀਂ।" (ਸੂਰਤ ਅਨ-ਨਿਸਾ: 104) ਅੱਲਾਹ ਦੀ ਖ਼ਾਸ ਮਦਦ ਅਤੇ ਸਹਾਇਤਾ ਉਨ੍ਹਾਂ ਤੱਕ ਪਹੁੰਚਦੀ ਹੈ, ਜੋ ਉਨ੍ਹਾਂ ਦੇ ਡਰਾਂ ਨੂੰ ਦੂਰ ਕਰ ਦਿੰਦੀ ਹੈ। ਅੱਲਾਹ ਤਆਲਾ ਫਰਮਾਉਂਦਾ ਹੈ: "...ਸੋ ਤੁਸੀਂ ਧੀਰਜ ਤੋਂ ਕੰਮ ਲਵੋ। ਅੱਲਾਹ ਧੀਰਜ ਨਾਲ ਕੰਮ ਕਰਨ ਵਾਲਿਆਂ ਦਾ ਹੀ ਸਾਥੀ ਹੈ।" (ਸੂਰਤ ਅਲ-ਅਨਫ਼ਾਲ: 46)
ਮਖਲੂਕ (ਰਚਨਾ) ਨਾਲ ਆਪਣੇ ਕਰਮਾਂ ਤੇ ਬੋਲਾਂ ਨਾਲ ਚੰਗਾ ਵਿਹਾਰ ਕਰਨਾ। ਦੁੱਖ, ਗਮ ਅਤੇ ਪਰੇਸ਼ਾਨੀ ਨੂੰ ਦੂਰ ਕਰਨ ਵਾਲੇ ਸਾਧਨਾਂ ਵਿੱਚੋਂ ਇੱਕ ਮਖਲੂਕ 'ਤੇ ਆਪਣੇ ਕਰਮਾਂ, ਬੋਲਾਂ ਅਤੇ ਹੋਰ ਭਲਾਈ ਦੇ ਕੰਮ ਨਾਲ ਇਹਸਾਨ ਕਰਨਾ ਹੈ। ਇਹਨਾਂ ਸਾਰੇ ਕੰਮਾਂ ਦੇ ਬਦਲੇ ਵਿੱਚ ਅੱਲਾਹ, ਨੇਕ ਅਤੇ ਗੁਨਾਹਗਾਰ ਦੋਵਾਂ ਦੇ ਕਰਮਾਂ ਅਨੁਸਾਰ, ਉਨ੍ਹਾਂ ਦੇ ਦੁੱਖ ਅਤੇ ਗਮ ਦੂਰ ਕਰਦਾ ਹੈ। ਪਰ ਮੋਮਿਨ ਨੂੰ ਇਸਦਾ ਸਭ ਤੋਂ ਵੱਡਾ ਅਤੇ ਸੰਪੂਰਨ ਹਿੱਸਾ ਮਿਲਦਾ ਹੈ, ਕਿਉਂਕਿ ਉਸਦਾ ਇਹਸਾਨ ਕਰਨਾ ਇਖਲਾਸ (ਖਾਲਸ ਨੀਅਤ) ਅਤੇ ਸਵਾਬ ਦੀ ਉਮੀਦ 'ਤੇ ਅਧਾਰਿਤ ਹੁੰਦਾ ਹੈ।
ਇਸ ਲਈ ਅੱਲਾਹ ਉਸ ਲਈ ਭਲਾਈ ਕਰਨੀ ਆਸਾਨ ਕਰ ਦਿੰਦਾ ਹੈ, ਕਿਉਂਕਿ ਉਹ ਭਲੇ ਦੀ ਉਮੀਦ ਰੱਖਦਾ ਹੈ, ਅਤੇ ਉਸਦੇ ਇਖ਼ਲਾਸ ਤੇ ਸਵਾਬ ਦੀ ਨੀਅਤ ਸਦਕਾ ਉਹ ਉਸ ਦੀਆਂ ਮੁਸੀਬਤਾਂ ਨੂੰ ਟਾਲ ਦਿੰਦਾ ਹੈ। ਅੱਲਾਹ ਤਆਲਾ ਦਾ ਫਰਮਾਨ ਹੈ: "ਉਹਨਾਂ (ਵਿਸ਼ਵਾਸਘਾਤੀ) ਲੋਕਾਂ ਦੇ ਆਮ ਕਰਕੇ ਵਧੇਰੇ ਮਸ਼ਵਰਿਆਂ (ਜੋ ਤੁਹਾਨੂੰ ਦਿੰਦੇ ਹਨ) ਵਿਚ ਕੋਈ ਭਲਾਈ ਨਹੀਂ ਹੁੰਦੀ, ਪਰ ਜੇ ਕੋਈ ਕਿਸੇ ਨੂੰ ਖ਼ੈਰਾਤ (ਪੁੰਨ-ਦਾਨ) ਜਾਂ ਨੇਕੀ ਦੇ ਕੰਮਾਂ ਲਈ ਜਾਂ ਲੋਕਾਂ ਵਿਚ ਸੁਲਾਹ-ਸਫ਼ਾਈ ਕਰਵਾਉਣ ਲਈ ਹੁਕਮ ਦਿੰਦਾ ਹੇ (ਤਾਂ ਇਹ ਵਧੀਆ ਗੱਲ ਹੇ) ਅਤੇ ਜਿਹੜਾ ਵਿਅਕਤੀ ਕੇਵਲ ਅੱਲਾਹ ਨੂੰ ਖ਼ੁਸ਼ ਕਰਨ ਲਈ ਇਹ ਸਾਰੇ ਕੰਮਾਂ ਕਰਦਾ ਹੇ, ਉਸ ਨੂੰ ਅਸੀਂ ਬਹੁਤ ਵੱਡਾ ਬਦਲਾ ਦੇਵਾਂਗੇ।" (ਸੂਰਤ ਅਨ-ਨਿਸਾ: 114)
ਇਸ ਵਿੱਚ ਅੱਲਾਹ ਤਆਲਾ ਨੇ ਦੱਸਿਆ ਹੈ ਕਿ ਇਹ ਸਾਰੇ ਕੰਮ ਕਰਤਾ ਲਈ ਭਲਾਈ ਵਾਲੇ ਕੰਮ ਹਨ; ਅਤੇ ਭਲਾਈ, ਭਲਾਈ ਨੂੰ ਪੈਦਾ ਕਰਦੀ ਹੈ ਅਤੇ ਬੁਰਾਈ ਨੂੰ ਦੂਰ ਕਰਦੀ ਹੈ। ਇਹ ਵੀ ਕਿ ਸਵਾਬ ਦੀ ਉਮੀਦ ਰੱਖਣ ਵਾਲੇ ਮੋਮਿਨ ਨੂੰ ਅੱਲਾਹ ਇੱਕ ਵੱਡਾ ਅਜਰ (ਬਦਲਾ) ਦਿੰਦਾ ਹੈ, ਅਤੇ ਇਸੇ ਮਹਾਨ ਅਜਰ ਵਿੱਚੋਂ ਹੈ: ਫ਼ਿਕਰ, ਗ਼ਮ, ਪਰੇਸ਼ਾਨੀਆਂ ਅਤੇ ਇਹੋ ਜਿਹੀਆਂ ਚੀਜ਼ਾਂ ਦਾ ਖ਼ਤਮ ਹੋ ਜਾਣਾ।
ਪਾਠ: ਕਿਸੇ ਚੰਗੇ ਕੰਮ ਜਾਂ ਇਲਮ ਸਿੱਖਣ ਵਿੱਚ ਰੁੱਝ ਜਾਣਾ।
ਦਿਲੋ-ਦਿਮਾਗ ਦੇ ਤਣਾਅ ਅਤੇ ਕੁਝ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਵਿੱਚ ਰੁੱਝੇ ਰਹਿਣ ਨਾਲ ਪੈਦਾ ਹੋਣ ਵਾਲੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਸਾਧਨਾਂ ਵਿੱਚੋਂ ਇੱਕ ਹੈ: ਕਿਸੇ ਲਾਭਦਾਇਕ ਕੰਮ ਜਾਂ ਗਿਆਨ ਸਿੱਖਣ ਵਿੱਚ ਰੁੱਝ ਜਾਣਾ; ਕਿਉਂਕਿ ਇਹ ਦਿਲ ਨੂੰ ਉਸ ਮਾਮਲੇ ਵਿੱਚ ਰੁੱਝਣ ਤੋਂ ਹਟਾ ਦਿੰਦਾ ਹੈ ਜੋ ਉਸਨੂੰ ਪਰੇਸ਼ਾਨ ਕਰਦਾ ਹੈ। ਅਤੇ ਕਈ ਵਾਰੀ ਉਹ ਇਸ ਰਾਹੀਂ ਫ਼ਿਕਰ ਅਤੇ ਗ਼ਮ ਦੇ ਕਾਰਨਾਂ ਨੂੰ ਭੁੱਲ ਜਾਂਦਾ ਹੈ; ਸੋ ਇਸ ਨਾਲ ਉਸਦਾ ਮਨ ਖੁਸ਼ ਹੋ ਜਾਂਦਾ ਹੈ, ਅਤੇ ਉਸਦੀ ਚੁਸਤੀ ਵਿੱਚ ਵਾਧਾ ਹੁੰਦਾ ਹੈ। ਇਹ ਸਾਧਨ ਵੀ ਮੋਮਿਨ ਅਤੇ ਦੂਜਿਆਂ ਵਿੱਚ ਸਾਂਝਾ ਹੈ। ਪਰ ਮੋਮਿਨ ਜਦੋਂ ਉਹ ਉਸ ਗਿਆਨ ਵਿੱਚ ਰੁੱਝਿਆ ਹੁੰਦਾ ਹੈ ਜਿਸਨੂੰ ਉਹ ਸਿੱਖਦਾ ਹੈ ਜਾਂ ਸਿਖਾਉਂਦਾ ਹੈ, ਅਤੇ ਉਸ ਨੇਕ ਕੰਮ ਵਿੱਚ ਜਿਹੜਾ ਉਹ ਕਰਦਾ ਹੈ; ਆਪਣੇ ਈਮਾਨ, ਇਖਲਾਸ ਅਤੇ ਸਵਾਬ ਦੀ ਉਮੀਦ ਰੱਖਣ ਕਾਰਨ ਉਸ ਨਾਲੋਂ ਵੱਖਰਾ ਹੈ। ਜੇਕਰ ਇਹ ਕੰਮ ਇਬਾਦਤ ਹੋਵੇ ਤਾਂ ਉਹ ਇਬਾਦਤ ਹੈ, ਅਤੇ ਜੇਕਰ ਕੋਈ ਦੁਨਿਆਵੀ ਕੰਮ ਜਾਂ ਸ਼ੌਕ ਹੋਵੇ ਜਿਸ ਨਾਲ ਨੇਕ ਨੀਅਤੀ ਜੁੜੀ ਹੋਵੇ, ਤਾਂ ਉਸ ਰਾਹੀਂ ਉਹ ਅੱਲਾਹ ਦੀ ਆਗਿਆਕਾਰੀ ਅਤੇ ਮਦਦ ਹਾਸਲ ਕਰਨ ਦਾ ਇਰਾਦਾ ਕਰਦਾ ਹੈ। ਅਜਿਹੇ ਕੰਮਾਂ ਦਾ ਵੀ ਚਿੰਤਾ, ਗਮ ਅਤੇ ਦੁੱਖਾਂ ਨੂੰ ਦੂਰ ਕਰਨ ਵਿੱਚ ਬਹੁਤ ਕਾਰਗਰ ਅਸਰ ਹੁੰਦਾ ਹੈ। ਕਿੰਨੇ ਹੀ ਲੋਕ ਬੇਚੈਨੀ ਅਤੇ ਲਗਾਤਾਰ ਦੁੱਖਾਂ ਦਾ ਸ਼ਿਕਾਰ ਹੋਏ, ਜਿਸ ਨਾਲ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਘਿਰ ਗਏ, ਅਤੇ ਉਨ੍ਹਾਂ ਦਾ ਸਭ ਤੋਂ ਕਾਰਗਰ ਇਲਾਜ ਇਹ ਬਣਿਆ ਕਿ ਉਹ ਉਸ ਕਾਰਨ ਨੂੰ ਭੁੱਲ ਜਾਣ ਜਿਸਨੇ ਉਨ੍ਹਾਂ ਨੂੰ ਦੁਖੀ ਅਤੇ ਬੇਚੈਨ ਕੀਤਾ ਸੀ, ਅਤੇ ਆਪਣੇ ਜ਼ਰੂਰੀ ਕੰਮਾਂ ਵਿੱਚੋਂ ਕਿਸੇ ਇੱਕ ਕੰਮ ਵਿੱਚ ਰੁੱਝ ਜਾਣ।
ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਜਿਸ ਕੰਮ ਵਿੱਚ ਉਹ ਬੰਦਾ ਰੁੱਝਿਆ ਹੋਵੇ, ਉਹ ਅਜਿਹਾ ਕੰਮ ਹੋਵੇ ਜਿਸ ਨਾਲ ਉਸਦੇ ਮਨ ਨੂੰ ਸਕੂਨ ਮਿਲੇ ਅਤੇ ਜਿਸ ਵੱਲ ਉਸਦਾ ਦਿਲ ਆਕਰਸ਼ਿਤ ਹੋਵੇ; ਕਿਉਂਕਿ ਇਹ ਚੀਜ਼ ਇਸ ਲਾਭਦਾਇਕ ਮਕਸਦ ਨੂੰ ਹਾਸਲ ਕਰਨ ਲਈ ਹੋਰ ਵੱਧ ਮਦਦਗਾਰ ਹੁੰਦੀ ਹੈ। ਬਾਕੀ ਅੱਲਾਹ ਹੀ ਸਭ ਤੋਂ ਵਧੇਰੇ ਜਾਣਨ ਵਾਲਾ ਹੈ।
ਆਪਣਾ ਪੂਰਾ ਧਿਆਨ ਅੱਜ ਦੇ ਦਿਨ ਦੇ ਕੰਮ 'ਤੇ ਕੇਂਦਰਿਤ ਕਰਨਾ। ਚਿੰਤਾ ਅਤੇ ਫ਼ਿਕਰ ਨੂੰ ਦੂਰ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਆਪਣੀ ਸਾਰੀ ਸੋਚ ਨੂੰ ਅੱਜ ਦੇ ਦਿਨ ਦੇ ਕੰਮ 'ਤੇ ਕੇਂਦਰਿਤ ਕੀਤਾ ਜਾਵੇ ਅਤੇ ਆਉਣ ਵਾਲੇ ਸਮੇਂ ਦੀ ਚਿੰਤਾ ਤੇ ਬੀਤੇ ਸਮੇਂ ਦੇ ਗ਼ਮ ਤੋਂ ਦੂਰ ਰੱਖਿਆ ਜਾਵੇ। ਇਸੇ ਲਈ ਨਬੀ ﷺ ਨੇ ਚਿੰਤਾ ਅਤੇ ਗ਼ਮ ਤੋਂ ਪਨਾਹ ਮੰਗੀ ਹੈ। ਬੀਤ ਚੁੱਕੇ ਮਾਮਲਿਆਂ 'ਤੇ ਗ਼ਮ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹਨਾਂ ਨੂੰ ਨਾ ਤਾਂ ਵਾਪਸ ਲਿਆਂਦਾ ਜਾ ਸਕਦਾ ਹੈ ਤੇ ਨਾ ਹੀ ਸੁਧਾਰਿਆ ਜਾ ਸਕਦਾ ਹੈ। ਇਸੇ ਤਰ੍ਹਾਂ ਭਵਿੱਖ ਦੇ ਡਰ ਤੋਂ ਪੈਦਾ ਹੋਣ ਵਾਲੀ ਚਿੰਤਾ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਬੰਦੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੱਜ ਦੇ ਦਿਨ 'ਤੇ ਹੀ ਧਿਆਨ ਦੇਵੇ, ਅਤੇ ਆਪਣੀ ਪੂਰੀ ਕੋਸ਼ਿਸ਼ ਅਤੇ ਮਿਹਨਤ ਆਪਣੇ ਮੌਜੂਦਾ ਦਿਨ ਅਤੇ ਸਮੇਂ ਨੂੰ ਸੁਧਾਰਨ 'ਤੇ ਲਗਾਵੇ। ਕਿਉਂਕਿ ਦਿਲ ਨੂੰ ਇਸ ਉੱਤੇ ਕੇਂਦਰਿਤ ਕਰਨ ਨਾਲ ਕੰਮ ਪੂਰੇ ਹੁੰਦੇ ਹਨ, ਅਤੇ ਇਸ ਨਾਲ ਬੰਦੇ ਨੂੰ ਚਿੰਤਾ ਤੇ ਗ਼ਮ ਤੋਂ ਰਾਹਤ ਮਿਲਦੀ ਹੈ। ਨਬੀ ﷺ ਜਦੋਂ ਕੋਈ ਦੁਆ ਕਰਦੇ ਜਾਂ ਆਪਣੀ ਉੱਮਤ ਨੂੰ ਕਿਸੇ ਦੁਆ ਦੀ ਹਿਦਾਇਤ ਦਿੰਦੇ, ਤਾਂ ਉਹ ਅੱਲਾਹ ਤੋਂ ਮਦਦ ਮੰਗਣ ਅਤੇ ਉਸਦੀ ਮਿਹਰ ਦੀ ਉਮੀਦ ਰੱਖਣ ਦੇ ਨਾਲ-ਨਾਲ, ਉਸ ਚੀਜ਼ ਨੂੰ ਹਾਸਲ ਕਰਨ ਲਈ ਮਿਹਨਤ ਅਤੇ ਜੱਦੋ-ਜਹਿਦ ਕਰਨ ਦੀ ਵੀ ਪ੍ਰੇਰਨਾ ਦਿੰਦੇ, ਜਿਸ ਲਈ ਉਹ ਦੁਆ ਕਰ ਰਹੇ ਹੁੰਦੇ ਸੀ। ਇਸ ਵਿੱਚ ਜਿਸ ਚੀਜ਼ ਨੂੰ ਦੂਰ ਕਰਨ ਦੀ ਉਹ ਦੁਆ ਕਰਦਾ ਸੀ, ਉਸਨੂੰ ਛੱਡ ਦੇਣਾ ਵੀ ਸ਼ਾਮਲ ਹੈ; ਕਿਉਂਕਿ ਦੁਆ ਦੇ ਨਾਲ ਅਮਲ ਵੀ ਲਾਜ਼ਮੀ ਹੈ। ਇਸ ਲਈ ਬੰਦਾ ਉਹਨਾਂ ਚੀਜ਼ਾਂ ਲਈ ਮਿਹਨਤ ਕਰਦਾ ਹੈ ਜੋ ਉਸਨੂੰ ਦੀਨ ਅਤੇ ਦੁਨੀਆ ਵਿੱਚ ਫਾਇਦਾ ਦੇਣ, ਅਤੇ ਆਪਣੇ ਰੱਬ ਤੋਂ ਆਪਣੇ ਮਕਸਦ ਦੀ ਕਾਮਯਾਬੀ ਤੇ ਇਸ ਵਿੱਚ ਉਸ ਦੀ ਮਦਦ ਦੀ ਦੁਆ ਮੰਗਦਾ ਹੈ। ਜਿਵੇਂ ਕਿ ਆਪ ﷺ ਨੇ ਫਰਮਾਇਆ: "ਜੋ ਕੁਝ ਵੀ ਤੁਹਾਡੇ ਲਈ ਲਾਭਦਾਇਕ ਹੈ ਉਸ ਲਈ ਮਿਹਨਤ ਕਰੋ, ਅੱਲਾਹ ਤੋਂ ਮਦਦ ਮੰਗੋ ਅਤੇ ਕਦੇ ਵੀ ਹਾਰ ਨਾ ਮੰਨੋ। ਜੇ ਤੁਹਾਡੇ 'ਤੇ ਕੋਈ ਮਾੜੀ ਘਟਨਾ ਵਾਪਰੇ ਤਾਂ ਇਹ ਨਾ ਆਖੋ, 'ਕਾਸ਼ ਮੈਂ ਇਹ ਕੀਤਾ ਹੁੰਦਾ ਤਾਂ ਉਹ ਹੋਇਆ ਹੁੰਦਾ,' ਸਗੋਂ ਇਹ ਆਖੋ ਕਿ 'ਅੱਲਾਹ ਦੀ ਤਕਦੀਰ ਹੈ ਅਤੇ ਜੋ ਕੁਝ ਉਹ ਚਾਹੁੰਦਾ ਹੈ ਉਹ ਕਰਦਾ ਹੈ', ਕਿਉਂਕਿ "ਕਾਸ਼" ਕਹਿਣ ਨਾਲ ਸ਼ੈਤਾਨ ਦੇ ਕੰਮ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ।" ਇਮਾਮ ਮੁਸਲਿਮ ਨੇ ਇਸ ਹਦੀਸ ਨੂੰ ਬਿਆਨ ਕੀਤਾ ਹੈ ਇਸ ਲਈ ਨਬੀ ਕਰੀਮ ﷺ ਨੇ ਇੱਕ ਪਾਸੇ ਤਾਂ ਹਰ ਹਾਲਤ ਵਿੱਚ ਫਾਇਦੇ ਵਾਲੇ ਕੰਮਾਂ ਲਈ ਯਤਨ ਕਰਨ, ਅੱਲਾਹ ਤੋਂ ਮਦਦ ਮੰਗਣ, ਅਤੇ ਸੁਸਤੀ ਵਾਲੀ ਨੁਕਸਾਨਦੇਹ ਬੇਵਸੀ ਦੇ ਅੱਗੇ ਨਾ ਝੁਕਣ ਦਾ ਹੁਕਮ ਦਿੱਤਾ ਹੈ; ਉੱਥੇ ਹੀ ਦੂਜੇ ਪਾਸੇ ਬੀਤੇ ਸਮੇਂ ਅਤੇ ਲਾਗੂ ਹੋ ਚੁੱਕੇ ਮਾਮਲਿਆਂ ਨੂੰ ਕਬੂਲ ਕਰਨ, ਅਤੇ ਅੱਲਾਹ ਦੀ ਰਜ਼ਾ ਤੇ ਕਦਰ ਨੂੰ ਸਵੀਕਾਰ ਕਰਨ ਲਈ ਕਿਹਾ ਹੈ।
ਉਸ (ਅੱਲਾਹ) ਨੇ ਮਾਮਲਿਆਂ ਨੂੰ ਦੋ ਕਿਸਮਾਂ ਵਿੱਚ ਵੰਡਿਆ ਹੈ: ਇੱਕ ਉਹ ਕਿਸਮ ਦੇ ਮਾਮਲੇ ਜਿਨ੍ਹਾਂ ਨੂੰ ਹਾਸਲ ਕਰਨ ਜਾਂ ਉਸ ਵਿਚੋਂ ਜੋ ਸੰਭਵ ਹੋਵੇ ਉਸ ਨੂੰ ਪ੍ਰਾਪਤ ਕਰਨ ਅਤੇ ਕਿਸੇ ਨੁਕਸਾਨ ਨੂੰ ਦੂਰ ਕਰਨ ਜਾਂ ਘੱਟ ਕਰਨ ਲਈ ਬੰਦਾ ਕੋਸ਼ਿਸ਼ ਕਰ ਸਕਦਾ ਹੈ। ਇਸ ਲਈ ਅਜਿਹੇ ਮਾਮਲੇ ਵਿੱਚ ਬੰਦਾ ਆਪਣੀ ਪੂਰੀ ਕੋਸ਼ਿਸ਼ ਕਰਦਾ ਹੈ ਅਤੇ ਅੱਲਾਹ ਤੋਂ ਮਦਦ ਮੰਗਦਾ ਹੈ। ਦੂਜੀ ਕਿਸਮ ਉਹ ਹੈ ਜਿਸ ਵਿੱਚ ਕੁੱਝ ਨਹੀਂ ਕੀਤਾ ਜਾ ਸਕਦਾ, ਇਸ ਵਿੱਚ ਬੰਦਾ ਸਕੂਨ ਪਾਉਂਦਾ ਹੈ ਕਿਉਂ ਜੋ ਉਹ ਰਾਜ਼ੀ ਹੋ ਜਾਂਦਾ ਹੈ ਅਤੇ (ਅੱਲਾਹ ਦੇ ਫੈਸਲੇ ਨੂੰ) ਮੰਨ ਲੈਂਦਾ ਹੈ। ਨਿਰਸੰਦੇਹ, ਇਸ ਅਸੂਲ ਦਾ ਪਾਲਣ ਕਰਨਾ ਖੁਸ਼ੀ ਦਾ ਸਾਧਨ ਹੈ ਅਤੇ ਫਿਕਰ ਤੇ ਗ਼ਮ ਨੂੰ ਦੂਰ ਕਰਦਾ ਹੈ।
ਪਾਠ: ਵੱਧ ਤੋਂ ਵੱਧ ਅੱਲਾਹ ਦਾ ਜ਼ਿਕਰ।
ਖੁਲਾ ਦਿਲ ਰੱਖਣ ਅਤੇ ਦਿਲ ਦਾ ਸਕੂਨ ਹਾਸਲ ਕਰਨ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਅੱਲਾਹ ਤਆਲਾ ਦਾ ਵੱਧ ਤੋਂ ਵੱਧ ਜ਼ਿਕਰ ਕਰਨਾ ਹੈ; ਕਿਉਂਕਿ ਇਸ ਦਾ ਦਿਲ ਨੂੰ ਖੋਲ੍ਹਣ, ਉਸਦੇ ਸਕੂਨ ਹਾਸਲ ਕਰਨ ਅਤੇ ਚਿੰਤਾਵਾਂ ਤੇ ਗ਼ਮ ਨੂੰ ਦੂਰ ਕਰਨ ਵਿੱਚ ਇੱਕ ਅਨੋਖਾ ਅਸਰ ਹੁੰਦਾ ਹੈ। ਅੱਲਾਹ ਤਆਲਾ ਦਾ ਫਰਮਾਨ ਹੈ: "...ਅੱਲਾਹ ਦਾ ਸਿਮਰਨ ਕਰਨ ਨਾਲ ਹੀ ਮਨਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ।" (ਸੂਰਤ ਅਰ-ਰਾਅਦ: 28) ਅੱਲਾਹ ਦੇ ਜ਼ਿਕਰ ਦਾ ਇਸ ਮਕਸਦ ਨੂੰ ਹਾਸਲ ਕਰਨ 'ਤੇ ਵੱਡਾ ਪ੍ਰਭਾਵ ਪੈਂਦਾ ਹੈ, ਇਸਦੇ ਵਿਸ਼ੇਸ਼ ਗੁਣ ਦੇ ਕਾਰਨ, ਅਤੇ ਉਸ ਸਵਾਬ ਅਤੇ ਇਨਾਮ ਦੇ ਕਾਰਨ ਵੀ ਜਿਸਦੀ ਬੰਦਾ ਉਮੀਦ ਰੱਖਦਾ ਹੈ।
ਅੱਲਾਹ ਦੀ ਜ਼ਾਹਿਰੀ (ਦਿੱਸਣ ਵਾਲੀ) ਅਤੇ ਬਾਤਨੀ (ਅੰਦਰੂਨੀ/ਨਾ ਦਿੱਸਣ ਵਾਲੀ) ਮਦਦ ਬਾਰੇ ਗੱਲ ਕਰਨਾ, ਇਸੇ ਤਰ੍ਹਾਂ ਅੱਲਾਹ ਦੀਆਂ ਜ਼ਾਹਿਰੀ ਅਤੇ ਬਾਤਨੀ ਮਿਹਰਾਂ ਬਾਰੇ ਗੱਲ ਕਰਨਾ, ਉਨ੍ਹਾਂ ਨੂੰ ਪਛਾਣਨਾ ਅਤੇ ਉਨ੍ਹਾਂ 'ਤੇ ਚਰਚਾ ਕਰਨਾ ਚਿੰਤਾ ਅਤੇ ਪਰੇਸ਼ਾਨੀ ਨੂੰ ਦੂਰ ਕਰਦਾ ਹੈ ਅਤੇ ਬੰਦੇ ਨੂੰ ਸ਼ੁਕਰ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਕਿ ਸਭ ਤੋਂ ਉੱਚਾ ਅਤੇ ਵਡਿਆਈ ਵਾਲਾ ਦਰਜਾ ਹੈ; ਭਾਵੇਂ ਬੰਦਾ ਗਰੀਬੀ, ਬਿਮਾਰੀ ਜਾਂ ਹੋਰ ਕਿਸੇ ਆਜ਼ਮਾਇਸ਼ਾਂ ਵਿੱਚ ਹੀ ਕਿਉਂ ਨਾ ਘਿਰਿਆ ਹੋਵੇ। ਕਿਉਂਕਿ ਜਦੋਂ ਉਹ ਅੱਲਾਹ ਦੀਆਂ ਅਣਗਿਣਤ ਮਿਹਰਾਂ ਜੋ ਉਸਨੂੰ ਮਿਲੀਆਂ ਹਨ ਦੀ ਤੁਲਨਾ ਉਸਨੂੰ ਪਹੁੰਚੀ ਤਕਲੀਫ਼ ਨਾਲ ਕਰਦਾ ਹੈ, ਤਾਂ ਉਸ ਤਕਲੀਫ਼ ਦੀ ਉਹਨਾਂ ਮਿਹਰਾਂ ਅੱਗੇ ਕੋਈ ਹੈਸੀਅਤ ਨਹੀਂ ਰਹਿੰਦੀ।
ਸਗੋਂ ਅੱਲਾਹ ਜਦੋਂ ਬੰਦੇ ਨੂੰ ਨਾਪਸੰਦ ਚੀਜ਼ਾਂ ਅਤੇ ਮੁਸੀਬਤਾਂ ਨਾਲ ਆਜ਼ਮਾਉਂਦਾ ਹੈ, ਅਤੇ ਉਹ ਸਬਰ, ਸੰਤੁਸ਼ਟੀ ਅਤੇ ਅਧੀਨਗੀ ਦਾ ਫਰਜ਼ ਨਿਭਾਉਂਦਾ ਹੈ, ਤਾਂ ਉਹ ਮੁਸ਼ਕਿਲਾਂ ਸਹਿਣੀਆਂ ਆਸਾਨ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਬੋਝ ਹਲਕਾ ਹੋ ਜਾਂਦਾ ਹੈ। ਬੰਦੇ ਦਾ ਆਪਣੇ ਅਜਰ (ਇਨਾਮ) ਤੇ ਸਵਾਬ ਦੀ ਉਮੀਦ ਰੱਖਣਾ ਅਤੇ ਸਬਰ ਤੇ ਰਜ਼ਾ ਨਾਲ ਅੱਲਾਹ ਦੀ ਇਬਾਦਤ ਕਰਨਾ, ਕੁੜੱਤਣ ਨੂੰ ਮਿਠਾਸ ਵਿੱਚ ਬਦਲ ਦਿੰਦਾ ਹੈ। ਇਸ ਨਾਲ ਉਸਦੇ ਅਜਰ ਦੀ ਮਿਠਾਸ ਉਸਦੇ ਸਬਰ ਦੀ ਕੜਵਾਹਟ ਨੂੰ ਦੂਰ ਕਰ ਦਿੰਦੀ ਹੈ।
ਆਪਣੇ ਤੋਂ ਨਿਚਲੇ ਲੋਕਾਂ ਵੱਲ ਦੇਖਣਾ ਇਸ ਸੰਦਰਭ ਵਿੱਚ ਸਭ ਤੋਂ ਵੱਧ ਲਾਭਦਾਇਕ ਚੀਜ਼ਾਂ ਵਿੱਚੋਂ ਇੱਕ ਹੈ। ਜਿਵੇਂ ਕਿ ਨਬੀ ﷺ ਨੇ ਇੱਕ ਸਹੀਹ ਹਦੀਸ ਵਿੱਚ ਦੱਸਿਆ ਹੈ, ਜਿੱਥੇ ਆਪ ﷺ ਨੇ ਫਰਮਾਇਆ: "ਤੁਸੀਂ ਉਨ੍ਹਾਂ ਵੱਲ ਵੇਖੋ ਜੋ ਤੁਹਾਡੇ ਤੋਂ ਹੇਠਾਂ ਹਨ, ਨਾ ਕਿ ਉਨ੍ਹਾਂ ਵੱਲ ਜੋ ਤੁਹਾਡੇ ਤੋਂ ਉੱਪਰ ਹਨ, ਇਹ ਇਸ ਲਈ ਹੈ ਤਾਂ ਜੋ ਤੁਸੀਂ ਅੱਲਾਹ ਦੀ ਤੁਹਾਡੇ ਉੱਤੇ ਕੀਤੀ ਮਿਹਰ ਨੂੰ ਨਿੰਦਣ ਨਾ ਲੱਗ ਜਾਵੋ।" ਇਮਾਮ ਮੁਸਲਿਮ ਨੇ ਇਸ ਹਦੀਸ ਨੂੰ ਰਿਵਾਇਤ ਕੀਤਾ ਹੈ। ਜਦੋਂ ਬੰਦਾ ਇਸ ਮਹੱਤਵਪੂਰਨ ਨੁਕਤੇ 'ਤੇ ਗੌਰ ਕਰਦਾ ਹੈ, ਤਾਂ ਭਾਵੇਂ ਉਸਦੀ ਆਪਣੀ ਹਾਲਤ ਕਿਹੋ ਜਿਹੀ ਵੀ ਹੋਵੇ, ਉਹ ਆਪਣੇ ਆਪ ਨੂੰ ਤੰਦਰੁਸਤੀ (ਆਫ਼ੀਅਤ), ਰਿਜ਼ਕ ਅਤੇ ਇਹਨਾਂ ਨਾਲ ਜੁੜੇ ਹੋਰ ਮਾਮਲਿਆਂ ਵਿੱਚ ਬਹੁਤ ਸਾਰੇ ਲੋਕਾਂ ਨਾਲੋਂ ਵਧੇਰੇ ਚੰਗਾ ਪਾਉਂਦਾ ਹੈ। ਇਸ ਨਾਲ ਉਸਦੀ ਬੇਚੈਨੀ, ਫ਼ਿਕਰ ਅਤੇ ਗ਼ਮ ਖ਼ਤਮ ਹੋ ਜਾਂਦੇ ਹਨ, ਅਤੇ ਅੱਲਾਹ ਦੀਆਂ ਉਨ੍ਹਾਂ ਮਿਹਰਾਂ 'ਤੇ ਉਸਦਾ ਸਕੂਨ ਅਤੇ ਸੰਤੁਸ਼ਟੀ ਵੱਧ ਜਾਂਦੀ ਹੈ, ਜਿਨ੍ਹਾਂ ਵਿੱਚ ਉਹ ਆਪਣੇ ਤੋਂ ਹੇਠਲੇ ਲੋਕਾਂ ਨਾਲੋਂ ਕਿਤੇ ਵਧੀਆ ਹੈ।
ਜਿਵੇਂ-ਜਿਵੇਂ ਬੰਦਾ ਅੱਲਾਹ ਦੀਆਂ ਜ਼ਾਹਿਰੀ ਤੇ ਬਾਤਨੀ, ਦੀਨੀ ਤੇ ਦੁਨਿਆਵੀ ਮਿਹਰਾਂ 'ਤੇ ਗੌਰ ਕਰਦਾ ਹੈ, ਉਹ ਦੇਖਦਾ ਹੈ ਕਿ ਉਸਦੇ ਰੱਬ ਨੇ ਉਸ 'ਤੇ ਕਿੰਨੀ ਭਲਾਈ ਕੀਤੀ ਹੈ ਅਤੇ ਉਸ ਕੋਲੋਂ ਕਿੰਨੀਆਂ ਬੁਰਾਈਆਂ ਦੂਰ ਕੀਤੀਆਂ ਹਨ। ਬੇਸ਼ੱਕ, ਇਹ ਗੱਲ ਫਿਕਰਾਂ ਅਤੇ ਗਮਾਂ ਨੂੰ ਦੂਰ ਕਰਦੀ ਹੈ, ਅਤੇ ਖੁਸ਼ੀ ਤੇ ਸੰਤੁਸ਼ਟੀ ਪੈਦਾ ਕਰਦੀ ਹੈ।
ਪਾਠ: ਚਿੰਤਾਵਾਂ ਪੈਦਾ ਕਰਨ ਵਾਲੇ ਕਾਰਨਾਂ ਨੂੰ ਦੂਰ ਕਰਨ ਅਤੇ ਖੁਸ਼ੀ ਲਿਆਉਣ ਵਾਲੇ ਕਾਰਨਾਂ ਨੂੰ ਹਾਸਲ ਕਰਨ ਦਾ ਜਤਨ ਕਰਨਾ।
ਖੁਸ਼ੀ ਹਾਸਲ ਕਰਨ ਅਤੇ ਚਿੰਤਾ ਨੂੰ ਦੂਰ ਕਰਨ ਦੇ ਸਾਧਨਾਂ ਵਿੱਚੋਂ ਇੱਕ ਇਹ ਹੈ ਕਿ: ਚਿੰਤਾਵਾਂ ਲਿਆਉਣ ਵਾਲੇ ਕਾਰਨਾਂ ਨੂੰ ਦੂਰ ਕਰਨ ਅਤੇ ਖੁਸ਼ੀ ਲਿਆਉਣ ਵਾਲੇ ਕਾਰਨਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਬੀਤ ਚੁੱਕੇ ਉਨ੍ਹਾਂ ਦੁਖ-ਤਕਲੀਫਾਂ, ਜਿਨ੍ਹਾਂ ਨੂੰ ਠੀਕ ਕਰਨਾ ਸੰਭਵ ਨਹੀਂ, ਨੂੰ ਭੁੱਲ ਕੇ ਹਾਸਲ ਹੁੰਦਾ ਹੈ ਅਤੇ ਇਹ ਸਮਝਣ ਨਾਲ ਕਿ ਉਨ੍ਹਾਂ ਬਾਰੇ ਸੋਚ-ਵਿਚਾਰ ਵਿੱਚ ਲੱਗੇ ਰਹਿਣਾ ਬੇਕਾਰ ਹੈ, ਅਤੇ ਇਹ ਕਿ ਇਹ ਮੂਰਖਤਾ ਤੇ ਪਾਗਲਪਨ ਹੈ। ਸੋ ਬੰਦੇ ਨੂੰ ਆਪਣੇ ਦਿਲ ਨੂੰ ਉਨ੍ਹਾਂ ਚੀਜ਼ਾਂ ਬਾਰੇ ਸੋਚਣ ਤੋਂ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸੇ ਤਰ੍ਹਾਂ, ਉਸਨੂੰ ਆਪਣੇ ਦਿਲ ਨੂੰ ਭਵਿੱਖ ਬਾਰੇ ਚਿੰਤਤ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਵੇਂ ਕਿ ਗਰੀਬੀ, ਡਰ, ਜਾਂ ਹੋਰ ਮੁਸੀਬਤਾਂ ਜਿਨ੍ਹਾਂ ਬਾਰੇ ਉਹ ਆਪਣੇ ਭਵਿੱਖ ਵਿੱਚ ਕਲਪਨਾ ਕਰਦਾ ਹੈ। ਉਸਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਭਵਿੱਖ ਦੇ ਮਾਮਲਿਆਂ — ਭਾਵੇਂ ਉਨ੍ਹਾਂ ਵਿੱਚ ਭਲਾਈ ਹੋਵੇ ਜਾਂ ਬੁਰਾਈ, ਉਮੀਦਾਂ ਹੋਣ ਜਾਂ ਦੁੱਖ — ਬਾਰੇ ਕੁੱਝ ਵੀ ਪਤਾ ਨਹੀਂ ਹੁੰਦਾ, ਅਤੇ ਇਹ ਸਾਰੇ ਮਾਮਲੇ ਸਰਬਸ਼ਕਤੀਮਾਨ ਅਤੇ ਹਿਕਮਤ ਵਾਲੇ ਅੱਲਾਹ ਦੇ ਹੱਥ ਵਿੱਚ ਹੀ ਹਨ। ਬੰਦਿਆਂ ਦੇ ਵੱਸ ਵਿੱਚ ਉਨ੍ਹਾਂ ਦੀਆਂ ਭਲਾਈਆਂ ਹਾਸਲ ਕਰਨ ਅਤੇ ਨੁਕਸਾਨਾਂ ਤੋਂ ਬਚਣ ਲਈ ਕੋਸ਼ਿਸ਼ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ। ਉਹ ਇਹ ਵੀ ਜਾਣ ਲਵੇ ਕਿ ਜੇਕਰ ਉਹ ਆਪਣੇ ਭਵਿੱਖ ਦੇ ਮਾਮਲਿਆਂ ਦੀ ਚਿੰਤਾ ਤੋਂ ਆਪਣਾ ਧਿਆਨ ਹਟਾ ਲਵੇ, ਉਨ੍ਹਾਂ ਦੇ ਸੁਧਰਨ ਲਈ ਆਪਣੇ ਰੱਬ 'ਤੇ ਭਰੋਸਾ ਕਰੇ, ਅਤੇ ਇਸ ਮਾਮਲੇ ਵਿੱਚ ਉਸ 'ਤੇ ਯਕੀਨ ਕਰ ਕੇ ਸੰਤੁਸ਼ਟ ਹੋ ਜਾਵੇ, ਤਾਂ ਅਜਿਹਾ ਕਰਨ ਨਾਲ ਉਸਦੇ ਦਿਲ ਨੂੰ ਸਕੂਨ ਮਿਲ ਜਾਵੇਗਾ, ਉਸਦੇ ਹਾਲਾਤ ਸੁਧਰ ਜਾਣਗੇ, ਅਤੇ ਉਸਦੀ ਫਿਕਰ ਅਤੇ ਪਰੇਸ਼ਾਨੀ ਦੂਰ ਹੋ ਜਾਵੇਗੀ।
ਭਵਿੱਖ ਦੇ ਮਾਮਲਿਆਂ ਸਭ ਤੋਂ ਲਾਭਦਾਇਕ ਅਮਲਾਂ ਵਿੱਚੋਂ ਇੱਕ ਇਸ ਦੁਆ ਨੂੰ ਪੜ੍ਹਨਾ ਹੈ, ਜੋ ਕਿ ਨਬੀ ﷺ ਪੜ੍ਹਿਆ ਕਰਦੇ ਸੀ: "ਹੇ ਅੱਲਾਹ! ਮੇਰੇ ਲਈ ਮੇਰੇ ਧਰਮ (ਦੀਨ) ਨੂੰ ਸੁਧਾਰ ਦੇ, ਜੋ ਮੇਰੇ ਸਾਰੇ ਕੰਮਾਂ ਦੀ ਰੱਖਿਆ ਹੈ। ਅਤੇ ਮੇਰੀ ਦੁਨੀਆ ਸੁਧਾਰ ਦੇ, ਜਿਸ ਵਿੱਚ ਮੇਰਾ ਜੀਵਨ ਗੁਜ਼ਰਦਾ ਹੈ। ਅਤੇ ਮੇਰੀ ਆਖ਼ਰਤ ਵੀ ਸੁਧਾਰ ਦੇ, ਜਿਸ ਵੱਲ ਮੈਨੂੰ ਵਾਪਸ ਜਾਣਾ ਹੈ। ਅਤੇ ਮੇਰੀ ਜ਼ਿੰਦਗੀ ਨੂੰ ਮੇਰੇ ਲਈ ਹਰ ਨੇਕੀ ਵਿੱਚ ਵਾਧਾ ਬਣਾ ਦੇ। ਅਤੇ ਮੇਰੀ ਮੌਤ ਨੂੰ ਮੇਰੇ ਲਈ ਹਰ ਬੁਰਾਈ ਤੋਂ ਰਾਹਤ ਬਣਾ ਦੇ।" ਇਮਾਮ ਮੁਸਲਿਮ ਨੇ ਇਸ ਹਦੀਸ ਨੂੰ ਰਿਵਾਇਤ ਕੀਤਾ ਹੈ। ਇਸੇ ਤਰ੍ਹਾਂ ਆਪ ﷺ ਦਾ ਇਹ ਵੀ ਫਰਮਾਨ ਹੈ: "ਹੇ ਅੱਲਾਹ! ਮੈਂ ਤੈਥੋਂ ਤੇਰੀ ਰਹਿਮਤ ਦੀ ਉਮੀਦ ਰੱਖਦਾ ਹਾਂ, ਇਸ ਲਈ ਤੂੰ ਮੈਨੂੰ ਇੱਕ ਪਲ ਲਈ ਵੀ ਮੇਰੇ ਨਫ਼ਸ (ਅੰਤਰਮਨ) ਦੇ ਹਵਾਲੇ ਨਾ ਛੱਡ, ਅਤੇ ਮੇਰੇ ਸਾਰੇ ਕੰਮ ਠੀਕ ਕਰ ਦੇ, ਕਿਉਂ ਜੋ ਤੇਰੇ ਸਿਵਾ ਕੋਈ ਮਾਬੂਦ (ਇਸ਼ਟ) ਨਹੀਂ।" ਅਬੁ-ਦਾਉਦ ਦੁਆਰਾ ਸਹੀਹ ਇਸਨਾਦ ਨਾਲ ਰਿਵਾਇਤ ਕੀਤੀ ਗਈ ਹੈ। ਜਦੋਂ ਬੰਦਾ ਇਹ ਦੁਆ, ਜਿਸ ਵਿੱਚ ਉਸਦੇ ਦੀਨੀ ਅਤੇ ਦੁਨਿਆਵੀ ਭਵਿੱਖ ਦੀ ਭਲਾਈ ਹੈ, ਸੱਚੇ ਦਿਲ ਅਤੇ ਖਾਲਸ ਨੀਅਤ ਨਾਲ ਕਰਦਾ ਹੈ, ਅਤੇ ਇਸ ਨੂੰ ਹਾਸਲ ਕਰਨ ਲਈ ਮਿਹਨਤ ਵੀ ਕਰਦਾ ਹੈ, ਤਾਂ ਅੱਲਾਹ ਉਸ ਲਈ ਉਹ ਸਭ ਕੁੱਝ ਪੂਰਾ ਕਰ ਦਿੰਦਾ ਹੈ ਜਿਸਦੀ ਉਸਨੇ ਦੁਆ ਕੀਤੀ, ਉਮੀਦ ਰੱਖੀ ਅਤੇ ਅਮਲ ਕੀਤਾ। ਇਸਦੇ ਨਾਲ ਹੀ ਉਸਦਾ ਗ਼ਮ, ਖੁਸ਼ੀ ਅਤੇ ਸਕੂਨ ਵਿੱਚ ਬਦਲ ਜਾਂਦਾ ਹੈ।
ਪਾਠ: ਸਭ ਤੋਂ ਮਾੜੇ ਹਾਲਾਤਾਂ ਦੀ ਤਿਆਰੀ
ਜਦੋਂ ਬੰਦੇ ਉੱਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਬੇਚੈਨੀ ਅਤੇ ਚਿੰਤਾਵਾਂ ਨੂੰ ਦੂਰ ਕਰਨ ਦੇ ਸਭ ਤੋਂ ਲਾਭਦਾਇਕ ਸਾਧਨਾਂ ਵਿੱਚੋਂ ਇੱਕ ਇਹ ਹੈ ਕਿ ਉਹ ਉਸਨੂੰ ਘੱਟ ਕਰਨ ਦੀ ਕੋਸ਼ਿਸ਼ ਕਰੇ। ਇਸਦਾ ਤਰੀਕਾ ਇਹ ਹੈ ਕਿ ਉਹ ਸਭ ਤੋਂ ਬੁਰੇ ਹਾਲਾਤ ਦਾ ਅੰਦਾਜ਼ਾ ਲਗਾਵੇ, ਅਤੇ ਉਸ ਲਈ ਆਪਣੇ ਆਪ ਨੂੰ ਤਿਆਰ ਕਰ ਲਵੇ। ਜਦੋਂ ਉਹ ਅਜਿਹਾ ਕਰ ਲੈਂਦਾ ਹੈ, ਤਾਂ ਉਸ ਨੂੰ ਆਪਣੀ ਸਮਰੱਥਾ ਅਨੁਸਾਰ ਉਸ ਮੁਸੀਬਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੰਜ ਆਪਣੇ ਮਨ ਨੂੰ ਤਿਆਰ ਕਰਨ ਅਤੇ ਇਸ ਲਾਭਦਾਇਕ ਕੋਸ਼ਿਸ਼ ਨਾਲ, ਉਸ ਦੀਆਂ ਚਿੰਤਾਵਾਂ ਅਤੇ ਗ਼ਮ ਦੂਰ ਹੋ ਜਾਂਦੇ ਹਨ, ਅਤੇ ਇਹ ਕੋਸ਼ਿਸ਼ ਲਾਭ ਹਾਸਲ ਕਰਨ ਅਤੇ ਉਸਦੀ ਸਮਰੱਥਾ ਅਨੁਸਾਰ ਨੁਕਸਾਨਾਂ ਨੂੰ ਦੂਰ ਕਰਨ ਦਾ ਸਾਧਨ ਬਣਦੀ ਹੈ।
ਜਦੋਂ ਉਸ ਨੂੰ ਡਰ, ਬਿਮਾਰੀ, ਗਰੀਬੀ ਅਤੇ ਆਪਣੀਆਂ ਮਨਪਸੰਦ ਚੀਜ਼ਾਂ ਦੀ ਕਮੀ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪਾਵੇ, ਤਾਂ ਉਸ ਨੂੰ ਚਾਹੀਦਾ ਹੈ ਕਿ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਸਹਿਣਸ਼ੀਲਤਾ ਅਤੇ ਆਪਣੇ ਆਪ ਨੂੰ ਇਸ ਲਈ ਤਿਆਰ ਕਰਕੇ ਕਰੇ, ਸਗੋਂ ਇਸ ਤੋਂ ਵੀ ਵੱਧ ਸਖ਼ਤ ਹਲਾਤ ਲਈ ਵੀ ਤਿਆਰ ਰਹੇ। ਕਿਉਂਕਿ ਅਜਿਹੇ ਹਾਲਾਤਾਂ ਲਈ ਆਪਣੇ ਆਪ ਨੂੰ ਤਿਆਰ ਕਰਨ ਨਾਲ ਮੁਸੀਬਤਾਂ ਦਾ ਸਾਹਮਣਾ ਕਰਨਾ ਆਸਾਨ ਹੋ ਜਾਂਦਾ ਹੈ ਅਤੇ ਉਹਨਾਂ ਦੀ ਸਖ਼ਤੀ ਵੀ ਘਟ ਜਾਂਦੀ ਹੈ; ਖ਼ਾਸਕਰ ਉਸ ਸਮੇਂ ਜਦੋਂ ਬੰਦਾ ਆਪਣੀ ਸਮਰੱਥਾ ਅਨੁਸਾਰ ਉਹਨਾਂ ਦਾ ਮੁਕਾਬਲਾ ਕਰਨ ਵਿੱਚ ਆਪਣੇ ਆਪ ਨੂੰ ਰੁੱਝਿਆ ਰੱਖਦਾ ਹੈ। ਇਸ ਤਰ੍ਹਾਂ ਉਸ ਲਈ ਆਪਣੇ ਆਪ ਨੂੰ ਤਿਆਰ ਕਰਨ ਦੇ ਨਾਲ-ਨਾਲ ਇੱਕ ਲਾਭਦਾਇਕ ਕੋਸ਼ਿਸ਼ ਵੀ ਪਾਈ ਜਾਂਦੀ ਹੈ, ਜੋ ਉਸਨੂੰ ਮੁਸੀਬਤਾਂ ਬਾਰੇ ਚਿੰਤਾ ਕਰਨ ਤੋਂ ਬੇਪਰਵਾਹ ਬਣਾ ਦਿੰਦੀ ਹੈ ਅਤੇ ਉਹ ਮੁਸੀਬਤਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਨਵੇਂ ਸਿਰੇ ਤੋਂ ਹਾਸਲ ਕਰਨ ਲਈ ਆਪਣੇ ਨਫ਼ਸ ਨਾਲ ਜੱਦੋ-ਜਹਿਦ (ਲੜਾਈ) ਸ਼ੁਰੂ ਕਰ ਦਿੰਦਾ ਹੈ। ਇਹ ਸਭ ਕਰਨ ਵਿੱਚ ਅੱਲਾਹ 'ਤੇ ਭਰੋਸਾ ਅਤੇ ਉਸ 'ਤੇ ਪੂਰਾ ਯਕੀਨ ਰੱਖਣਾ ਵੀ ਲਾਜ਼ਮੀ ਹੈ। ਬੇਸ਼ੱਕ, ਇਨ੍ਹਾਂ ਗੱਲਾਂ ਦਾ ਖੁਸ਼ੀ ਹਾਸਲ ਕਰਨ ਅਤੇ ਦਿਲ ਨੂੰ ਸਕੂਨ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੈ, ਅਤੇ ਨਾਲ ਹੀ ਉਸ ਲਈ ਦੁਨੀਆ ਅਤੇ ਆਖ਼ਰਤ ਵਿੱਚ ਅਜਰ ਮਿਲਣ ਦੀ ਉਮੀਦ ਵੀ ਹੈ। ਇਹ ਇੱਕ ਵੇਖੀ ਅਤੇ ਅਜ਼ਮਾਈ ਹੋਈ ਗੱਲ ਹੈ, ਅਤੇ ਇਸਨੂੰ ਅਜ਼ਮਾਉਣ ਵਾਲੇ ਲੋਕਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ।
ਪਾਠ: ਦਿਲ ਦੀ ਤਾਕਤ ਅਤੇ ਉਸ ਦਾ ਪਰੇਸ਼ਾਨੀ ਤੇ ਮੁਸੀਬਤਾਂ ਨਾਲ ਮੁਕਾਬਲਾ ਕਰਨਾ।
ਦਿਲ ਦੀ ਬੇਚੈਨੀ ਦੀਆਂ ਬਿਮਾਰੀਆਂ, ਬਲਕਿ ਸਰੀਰਕ ਬਿਮਾਰੀਆਂ ਦਾ ਵੀ ਇੱਕ ਮਹੱਤਵਪੂਰਨ ਇਲਾਜ ਹੈ: ਦਿਲ ਦਾ ਮਜ਼ਬੂਤ ਹੋਣਾ ਅਤੇ ਉਨ੍ਹਾਂ ਵਹਿਮਾਂ-ਖ਼ਿਆਲਾਂ ਤੋਂ ਪ੍ਰਭਾਵਿਤ ਨਾ ਹੋਣਾ ਜੋ ਬੇਚੈਨੀ ਤੇ ਮਾੜੇ ਵਿਚਾਰਾਂ ਦੇ ਕਾਰਨ ਪੈਦਾ ਹੁੰਦੇ ਹਨ। ਗੁੱਸਾ, ਬੇਚੈਨੀ, ਨਾਪਸੰਦ ਗੱਲਾਂ ਦੇ ਵਾਪਰਨ ਅਤੇ ਪਸੰਦੀਦਾ ਚੀਜ਼ਾਂ ਦੇ ਦੂਰ ਹੋ ਜਾਣ ਦਾ ਡਰ; ਇਹ ਸਭ ਉਹ ਦੁਖਦਾਈ ਚੀਜ਼ਾਂ ਹਨ ਜੋ ਬੰਦੇ ਨੂੰ ਫਿਕਰਾਂ, ਗ਼ਮਾਂ, ਦਿਲੀ ਅਤੇ ਸਰੀਰਕ ਬਿਮਾਰੀਆਂ ਅਤੇ ਦਿਮਾਗੀ ਕਮਜ਼ੋਰੀ ਵਿੱਚ ਪਾ ਦਿੰਦੀਆਂ ਹਨ; ਜਿਨ੍ਹਾਂ ਦੇ ਮਾੜੇ ਪ੍ਰਭਾਵ ਅਤੇ ਨੁਕਸਾਨਾਂ ਬਾਰੇ ਸਭ ਨੂੰ ਪਤਾ ਹੀ ਹੈ।
ਅੱਲਾਹ 'ਤੇ ਭਰੋਸਾ ਕਰਨਾ। ਜਦੋਂ ਬੰਦੇ ਦਾ ਦਿਲ ਅੱਲਾਹ ਉੱਤੇ ਨਿਰਭਰ ਕਰਦਾ ਹੈ, ਉਸ ਉੱਤੇ ਭਰੋਸਾ ਕਰਦਾ ਹੈ, ਵਹਿਮਾਂ ਦੇ ਅੱਗੇ ਹਾਰ ਨਹੀਂ ਮੰਨਦਾ, ਨਾ ਹੀ ਬੁਰੇ ਖ਼ਿਆਲਾਂ ਨੂੰ ਆਪਣੇ ਉੱਤੇ ਹਾਵੀ ਹੋਣ ਦਿੰਦਾ ਹੈ, ਅੱਲਾਹ 'ਤੇ ਯਕੀਨ ਰੱਖਦਾ ਹੈ ਅਤੇ ਉਸਦੇ ਫ਼ਜ਼ਲ (ਕਿਰਪਾ) ਦੀ ਉਮੀਦ ਰੱਖਦਾ ਹੈ, ਤਾਂ ਇਸ ਨਾਲ ਉਸ ਦੀ ਫ਼ਿਕਰ ਅਤੇ ਗ਼ਮ ਦੂਰ ਹੋ ਜਾਂਦੇ ਹਨ, ਬਹੁਤ ਸਾਰੀਆਂ ਜਿਸਮਾਨੀ ਅਤੇ ਦਿਲ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਅਤੇ ਦਿਲ ਨੂੰ ਅਜਿਹੀ ਤਾਕਤ, ਖੁਲ੍ਹਾਪਣ ਅਤੇ ਖੁਸ਼ੀ ਮਿਲਦੀ ਹੈ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿੰਨੇ ਹੀ ਹਸਪਤਾਲ ਵਹਿਮਾਂ ਅਤੇ ਗਲਤ ਖ਼ਿਆਲਾਂ ਦੇ ਸ਼ਿਕਾਰ ਮਰੀਜ਼ਾਂ ਨਾਲ ਭਰੇ ਪਏ ਹਨ; ਕਮਜ਼ੋਰਾਂ ਦਾ ਤਾਂ ਕੀ ਕਹਿਣਾ ਹੈ, ਕਿੰਨੇ ਹੀ ਤਾਕਤਵਰ ਲੋਕਾਂ ਦੇ ਦਿਲਾਂ 'ਤੇ ਇਨ੍ਹਾਂ ਚੀਜ਼ਾਂ ਨੇ ਅਸਰ ਪਾਇਆ ਹੈ; ਅਤੇ ਕਿੰਨੀ ਵਾਰ ਇਹ ਮੂਰਖਤਾ ਅਤੇ ਪਾਗਲਪਨ ਦਾ ਕਾਰਨ ਬਣੀਆਂ ਹਨ। ਇਨ੍ਹਾਂ ਤੋਂ ਸੁਰੱਖਿਅਤ ਉਹੀ ਹੈ ਜਿਸ ਨੂੰ ਅੱਲਾਹ ਨੇ ਹੀ ਬਚਾ ਰੱਖਿਆ ਹੈ ਅਤੇ ਆਪਣੇ ਨਫ਼ਸ ਨਾਲ ਜੱਦੋ-ਜਹਿਦ ਕਰਨ ਦੀ ਹਿਦਾਇਤ ਬਖਸ਼ੀ ਹੈ, ਜਿਸ ਰਾਹੀਂ ਉਹ ਉਸ ਦਿਲ ਨੂੰ ਮਜ਼ਬੂਤ ਕਰਨ ਵਾਲੇ ਅਤੇ ਉਸਦੀ ਬੇਚੈਨੀ ਨੂੰ ਦੂਰ ਕਰਨ ਵਾਲੇ ਲਾਭਕਾਰੀ ਸਾਧਨਾਂ ਨੂੰ ਹਾਸਲ ਕਰਦਾ ਹੈ। ਅੱਲਾਹ ਤਆਲ਼ਾ ਫਰਮਾਉਂਦਾ ਹੈ: "...ਜਿਹੜਾ ਵਿਅਕਤੀ ਅੱਲਾਹ ’ਤੇ ਭਰੋਸਾ ਕਰੇ ਤਾਂ ਉਸ ਲਈ ਉਹੀਓ ਕਾਫ਼ੀ ਹੈ।..." [ਸੂਰਤ ਅਤ-ਤਲਾਕ: 3] ਭਾਵ ਉਹ ਉਸਦੇ ਦੀਨ ਅਤੇ ਦੁਨੀਆ ਦੇ ਸਾਰੇ ਮਹੱਤਵਪੂਰਨ ਮਾਮਲਿਆਂ ਲਈ ਕਾਫ਼ੀ ਹੈ।
ਇਸ ਲਈ, ਅੱਲਾਹ 'ਤੇ ਭਰੋਸਾ ਕਰਨ ਵਾਲਾ ਵਿਅਕਤੀ ਦਿਲ ਦਾ ਮਜ਼ਬੂਤ ਹੁੰਦਾ ਹੈ, ਉਸ 'ਤੇ ਵਹਿਮ ਅਸਰ ਨਹੀਂ ਕਰਦੇ, ਅਤੇ ਨਾ ਹੀ ਹਾਦਸੇ ਉਸਨੂੰ ਪਰੇਸ਼ਾਨ ਕਰਦੇ ਹਨ। ਕਿਉਂਕਿ ਉਹ ਜਾਣਦਾ ਹੈ ਕਿ ਇਹ ਸਭ ਨਫਸ ਦੀ ਕਮਜ਼ੋਰੀ ਅਤੇ ਕਾਇਰਤਾ ਦੇ ਕਾਰਨ ਹੁੰਦਾ ਹੈ ਜਿਸਦੀ ਕੋਈ ਹਕੀਕਤ ਨਹੀਂ ਹੈ। ਇਸ ਦੇ ਨਾਲ ਹੀ ਉਹ ਇਹ ਵੀ ਜਾਣਦਾ ਹੈ ਕਿ ਅੱਲਾਹ ਨੇ ਉਸ ਵਿਅਕਤੀ ਲਈ ਪੂਰੀ ਤਰ੍ਹਾਂ ਕਾਫ਼ੀ ਹੋ ਜਾਣ ਦੀ ਜ਼ਿੰਮੇਵਾਰੀ ਲਈ ਹੈ ਜੋ ਉਸ 'ਤੇ ਤਵੱਕਲ (ਭਰੋਸਾ) ਕਰਦਾ ਹੈ। ਇਸ ਲਈ ਉਹ ਅੱਲਾਹ 'ਤੇ ਭਰੋਸਾ ਕਰਦਾ ਹੈ ਅਤੇ ਉਸਦੇ ਵਾਅਦੇ 'ਤੇ ਸੰਤੁਸ਼ਟ ਹੋ ਜਾਂਦਾ ਹੈ; ਇਸ ਨਾਲ ਉਸਦਾ ਗ਼ਮ ਅਤੇ ਪਰੇਸ਼ਾਨੀ ਦੂਰ ਹੋ ਜਾਂਦੀ ਹੈ, ਉਸਦੀ ਮੁਸ਼ਕਿਲ-ਆਸਾਨੀ ਵਿੱਚ, ਉਸਦਾ ਗ਼ਮ-ਖੁਸ਼ੀ ਵਿੱਚ, ਅਤੇ ਉਸਦਾ ਡਰ-ਸੁਰੱਖਿਆ ਵਿੱਚ ਬਦਲ ਜਾਂਦਾ ਹੈ। ਸੋ ਅਸੀਂ ਅੱਲਾਹ ਤਆਲਾ ਤੋਂ ਆਫ਼ੀਅਤ (ਖੁਸ਼ਹਾਲੀ) ਮੰਗਦੇ ਹਾਂ, ਅਤੇ ਉਸਤੋਂ ਦੁਆ ਕਰਦੇ ਹਾਂ ਕਿ ਉਹ ਸਾਡੇ 'ਤੇ ਦਿਲ ਦੀ ਮਜ਼ਬੂਤੀ, ਦ੍ਰਿੜਤਾ ਅਤੇ ਉਸ 'ਤੇ ਪੂਰੇ ਤਰੀਕੇ ਨਾਲ ਭਰੋਸਾ ਕਰਨ ਦਾ ਬਲ ਬਖ਼ਸ਼ੇ; ਉਹ ਭਰੋਸਾ ਜਿਸ ਦੇ ਕਰਨ ਵਾਲਿਆਂ ਲਈ ਅੱਲਾਹ ਨੇ ਹਰ ਭਲਾਈ ਦੇਣ ਅਤੇ ਹਰ ਨਾਪਸੰਦ ਚੀਜ਼ ਤੇ ਨੁਕਸਾਨ ਨੂੰ ਦੂਰ ਕਰਨ ਦਾ ਜ਼ਿੰਮਾ ਲਿਆ ਹੈ।
ਪਾਠ: ਦੂਜਿਆਂ ਦੀ ਗਲਤੀ ਸਹਿਣ ਕਰਨ ਲਈ ਆਪਣੇ ਨਫ਼ਸ ਨੂੰ ਤਿਆਰ ਕਰਨਾ।
ਪੈਗੰਬਰ ﷺ ਦਾ ਫ਼ਰਮਾਨ ਹੈ: «ਕੋਈ ਵੀ ਮੋਮਿਨ ਮਰਦ, ਮੋਮਿਨ ਔਰਤ ਨਾਲ ਨਫਰਤ ਨਾ ਕਰੇ। ਜੇਕਰ ਉਸਨੂੰ ਉਸ ਦਾ ਕੋਈ ਲੱਛਣ ਮਾੜਾ ਲੱਗੇ, ਤਾਂ ਕੋਈ ਦੂਜਾ ਲੱਛਣ ਚੰਗਾ ਲੱਗੇਗਾ।» ਇਮਾਮ ਮੁਸਲਿਮ ਨੇ ਇਸ ਹਦੀਸ ਨੂੰ ਰਿਵਾਇਤ ਕੀਤਾ ਹੈ।
ਇਸ ਦੇ ਦੋ ਵੱਡੇ ਫਾਇਦੇ:
ਪਹਿਲਾ: ਇਸ ਗੱਲ ਵੱਲ ਮਾਰਗਦਰਸ਼ਨ ਕਿ ਪਤਨੀ, ਨੇੜਲੇ ਰਿਸ਼ਤੇਦਾਰ, ਦੋਸਤ, ਲੈਣ-ਦੇਣ ਵਾਲੇ ਅਤੇ ਹਰ ਉਸ ਵਿਅਕਤੀ ਨਾਲ, ਜਿਸ ਨਾਲ ਬੰਦੇ ਦਾ ਕੋਈ ਨਾਤਾ ਜਾਂ ਸੰਬੰਧ ਹੋਵੇ, ਕਿਵੇਂ ਵਰਤਾਉ ਕਰਨਾ ਹੈ। ਤੁਹਾਨੂੰ ਆਪਣੇ ਦਿਲ ਵਿੱਚ ਇਹ ਗੱਲ ਬਿਠਾ ਲੈਣੀ ਚਾਹੀਦਾ ਹੈ ਕਿ ਉਸ ਵਿੱਚ ਕੋਈ ਨਾ ਕੋਈ ਕਮੀ, ਔਗੁਣ ਜਾਂ ਕੋਈ ਅਜਿਹੀ ਗੱਲ ਜ਼ਰੂਰ ਹੋਵੇਗੀ ਜੋ ਤੁਹਾਨੂੰ ਪਸੰਦ ਨਾ ਹੋਵੇ। ਸੋ, ਜਦੋਂ ਵੀ ਤੁਸੀਂ ਇਹ ਚੀਜ਼ ਵੇਖੋ, ਤਾਂ ਇਸਦੀ ਤੁਲਨਾ ਉਸ ਜ਼ਿੰਮੇਵਾਰੀ ਨਾਲ ਕਰੋ ਜੋ ਤੁਹਾਨੂੰ ਉਸ ਨਾਲ ਮਜ਼ਬੂਤ ਸੰਬੰਧ ਬਣਾਈ ਰੱਖਣ ਅਤੇ ਪਿਆਰ-ਮੁਹੱਬਤ ਨੂੰ ਜਾਰੀ ਰੱਖਣ ਲਈ ਨਿਭਾਉਣੀ ਚਾਹੀਦੀ ਹੈ। ਇਹ ਕਰਦਿਆਂ, ਉਸ ਵਿੱਚ ਮੌਜੂਦ ਚੰਗੀਆਂ ਖੂਬੀਆਂ ਅਤੇ ਉਸ ਨਾਲ ਜੁੜੇ ਆਮ ਅਤੇ ਖ਼ਾਸ ਮਕਸਦਾਂ ਨੂੰ ਯਾਦ ਰੱਖੋ। ਇਸ ਪ੍ਰਕਾਰ ਭੁੱਲ-ਚੁੱਕ ਮਾਫ ਕਰਨ ਅਤੇ ਆਪਣੇ ਸਾਥੀ ਦੇ ਚੰਗੇ ਗੁਣਾਂ ਨੂੰ ਧਿਆਨ ਵਿੱਚ ਰੱਖਣ ਨਾਲ, ਰਿਸ਼ਤੇ-ਨਾਤੇ ਜੁੜੇ ਰਹਿੰਦੇ ਹਨ ਅਤੇ ਜੀਵਤ ਦਾ ਸੁਖ ਪ੍ਰਾਪਤ ਹੁੰਦਾ ਹੈ।
ਦੂਜਾ ਫਾਇਦਾ: ਇਸ ਨਾਲ ਫਿਕਰ ਅਤੇ ਚਿੰਤਾ ਦੂਰ ਹੁੰਦੀ ਹੈ, ਮਨ ਦੀ ਸ਼ਾਂਤੀ ਬਣੀ ਰਹਿੰਦੀ ਹੈ, ਵਾਜਿਬ (ਲਾਜ਼ਮੀ) ਤੇ ਮੁਸਹੱਬ (ਪਸੰਦੀਦਾ) ਹੱਕਾਂ ਨੂੰ ਲਗਾਤਾਰ ਪੂਰਾ ਕੀਤਾ ਜਾਂਦਾ ਹੈ ਅਤੇ ਦੋਵਾਂ ਧਿਰਾਂ ਨੂੰ ਆਰਾਮ ਅਤੇ ਸੁਕੂਨ ਮਿਲਦਾ ਹੈ। ਜਿਹੜਾ ਵਿਅਕਤੀ ਨਬੀ ﷺ ਦੁਆਰਾ ਦੱਸੀ ਇਸ ਗੱਲ 'ਤੇ ਅਮਲ ਨਹੀਂ ਕਰਦਾ- ਬਲਕਿ ਇਸ ਦੇ ਉਲਟ ਜਾ ਕੇ, ਕੇਵਲ ਬੁਰਾਈਆਂ ਨੂੰ ਵੇਖਦਾ ਹੈ ਅਤੇ ਗੁਣਾਂ ਤੋਂ ਅੰਨ੍ਹਾ ਹੋ ਜਾਂਦਾ ਹੈ- ਤਾਂ ਉਸਦਾ ਚਿੰਤਤ ਹੋਣਾ ਲਾਜ਼ਮੀ ਹੈ, ਉਸਦੇ ਤੇ ਉਸ ਨਾਲ ਜੁੜੇ ਵਿਅਕਤੀ ਦੇ ਵਿਚਕਾਰ ਵੱਸਦੇ ਪਿਆਰ ਵਿੱਚ ਕੁੜੱਤਣ ਆਉਣੀ ਲਾਜ਼ਮੀ ਹੈ ਅਤੇ ਬਹੁਤ ਸਾਰੇ ਅਜਿਹੇ ਹੱਕ ਟੁੱਟ ਜਾਂਦੇ ਹਨ ਜਿਨ੍ਹਾਂ ਦੀ ਰਾਖੀ ਕਰਨਾ ਦੋਵਾਂ ਲਈ ਜ਼ਰੂਰੀ ਹੁੰਦਾ ਹੈ।
ਬਹੁਤ ਸਾਰੇ ਹੌਂਸਲੇ ਵਾਲੇ ਲੋਕ ਆਪਣੇ ਆਪ ਨੂੰ ਮੁਸੀਬਤਾਂ ਅਤੇ ਪਰੇਸ਼ਾਨੀਆਂ ਦੇ ਸਮੇਂ ਸਬਰ ਕਰਨ ਅਤੇ ਸ਼ਾਂਤ ਰਹਿਣ ਲਈ ਤਿਆਰ ਕਰਦੇ ਹਨ। ਲੇਕਿਨ ਮਾਮੂਲੀ ਅਤੇ ਛੋਟੀਆਂ ਗੱਲਾਂ 'ਤੇ ਉਹ ਫਿਕਰ ਕਰਨ ਲੱਗ ਜਾਂਦੇ ਹਨ, ਅਤੇ ਉਨ੍ਹਾਂ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਆਪਣੇ ਆਪ ਨੂੰ ਵੱਡੇ ਮਾਮਲਿਆਂ ਲਈ ਤਾਂ ਤਿਆਰ ਕਰ ਲੈਂਦੇ ਹਨ, ਪਰ ਛੋਟੇ ਮਾਮਲਿਆਂ ਨੂੰ ਛੱਡ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਉਨ੍ਹਾਂ ਦੇ ਦਿਲ ਦੇ ਸਕੂਨ 'ਤੇ ਅਸਰ ਪੈਂਦਾ ਹੈ। ਸੋ, ਇੱਕ ਸਮਝਦਾਰ ਵਿਅਕਤੀ ਆਪਣੇ ਆਪ ਨੂੰ ਛੋਟੇ ਅਤੇ ਵੱਡੇ, ਦੋਵਾਂ ਮਾਮਲਿਆਂ ਲਈ ਤਿਆਰ ਕਰਦਾ ਹੈ ਅਤੇ ਅੱਲਾਹ ਤਆਲਾ ਤੋਂ ਉਨ੍ਹਾਂ ਦਾ ਸਾਹਮਣਾ ਕਰਨ ਦੀ ਮਦਦ ਮੰਗਦਾ ਹੈ ਅਤੇ ਦੁਆ ਕਰਦਾ ਹੈ ਕਿ ਉਹ ਉਸ ਨੂੰ ਇੱਕ ਪਲ ਲਈ ਵੀ ਉਸ ਦੇ ਆਪਣੇ ਨਫ਼ਸ ਦੇ ਹਵਾਲੇ ਨਾ ਕਰੇ। ਇੰਜ ਉਸ ਲਈ ਛੋਟਾ ਮਾਮਲਾ ਵੀ ਓਨਾ ਹੀ ਸੌਖਾ ਹੋ ਜਾਂਦਾ ਹੈ, ਜਿੰਨਾ ਕਿ ਵੱਡਾ ਮਾਮਲਾ ਸੌਖਾ ਹੁੰਦਾ ਹੈ। ਫੇਰ ਉਸ ਵਿਅਕਤੀ ਦੀ ਰੂਹ ਨੂੰ ਸਕੂਨ ਮਿਲਦਾ ਹੈ ਅਤੇ ਉਸਦਾ ਦਿਲ ਚੈਨ ਤੇ ਆਰਾਮ ਵਿੱਚ ਰਹਿੰਦਾ ਹੈ।
ਪਾਠ: ਚਿੰਤਾਵਾਂ ਨੂੰ ਅੱਗੇ ਵਧਣ ਨਾ ਦੇਣਾ।
ਇੱਕ ਸਮਝਦਾਰ ਵਿਅਕਤੀ ਜਾਣਦਾ ਹੈ ਕਿ ਉਸਦਾ ਅਸਲ ਜੀਵਨ ਖ਼ੁਸ਼ੀ ਅਤੇ ਸਕੂਨ ਵਾਲਾ ਹੁੰਦਾ ਹੈ ਅਤੇ ਇਹ ਬਹੁਤ ਛੋਟਾ ਹੈ। ਇਸ ਲਈ, ਉਸਨੂੰ ਇਸ ਜੀਵਨ ਨੂੰ ਇਨ੍ਹਾਂ ਗ਼ਮਾਂ ਅਤੇ ਪਰੇਸ਼ਾਨੀਆਂ ਵਿੱਚ ਪੈ ਕੇ ਹੋਰ ਛੋਟਾ ਨਹੀਂ ਕਰਨਾ ਚਾਹੀਦਾ, ਕਿਉਂ ਜੋ ਇਹ ਅਸਲ ਜੀਵਨ ਦੇ ਵਿਰੁੱਧ ਹੈ। ਉਹ ਆਪਣੇ ਜੀਵਨ ਦੇ ਵੱਡੇ ਹਿੱਸੇ ਨੂੰ ਫ਼ਿਕਰਾਂ ਅਤੇ ਮੁਸ਼ਕਲਾਂ ਦੀ ਭੇਟ ਚੜ੍ਹਾਉਣ ਤੋਂ ਬਚਦਾ ਹੈ। ਇਸ ਮਾਮਲੇ ਵਿੱਚ ਨੇਕ ਅਤੇ ਪਾਪੀ ਇਨਸਾਨ ਵਿੱਚ ਕੋਈ ਫ਼ਰਕ ਨਹੀਂ, ਪਰ ਮੋਮਿਨ ਲਈ ਇਸ ਨੂੰ ਅਪਣਾਉਣ ਵਿੱਚ ਸਭ ਤੋਂ ਵੱਧ ਫਾਇਦਾ ਹੁੰਦਾ ਹੈ ਕਿਉਂ ਜੋ ਉਸਨੂੰ ਦੁਨੀਆ ਅਤੇ ਆਖ਼ਰਤ ਦੋਵਾਂ ਵਿੱਚ ਫਲ ਮਿਲਦਾ ਹੈ।
ਅੱਲਾਹ ਦੀਆਂ ਮਿਹਰਾਂ ਦੀ ਤੁਲਨਾ ਉਨ੍ਹਾਂ ਮੁਸੀਬਤਾਂ ਨਾਲ ਕਰਨਾ ਜਿਨ੍ਹਾਂ ਦਾ ਉਸਨੇ ਸਾਹਮਣਾ ਕੀਤਾ ਹੈ। ਇਹ ਵੀ ਜ਼ਰੂਰੀ ਹੈ ਕਿ ਜਦੋਂ ਬੰਦੇ ਨੂੰ ਕੋਈ ਦੁੱਖ ਪਹੁੰਚੇ ਜਾਂ ਪਹੁੰਚਣ ਦਾ ਡਰ ਹੋਵੇ, ਤਾਂ ਉਹ ਆਪਣੀਆਂ ਬਾਕੀ ਦੀਨੀ ਅਤੇ ਦੁਨੀਆਵੀ ਮਿਹਰਾਂ ਦੀ ਤੁਲਨਾ, ਉਸਨੂੰ ਪਹੁੰਚੇ ਦੁੱਖ ਨਾਲ ਕਰੇ। ਇਹ ਤੁਲਨਾ ਕਰਨ 'ਤੇ ਉਸਨੂੰ ਆਪਣੀਆਂ ਮਿਹਰਾਂ ਦੀ ਭਰਮਾਰ ਅਤੇ ਉਸ ਦੁੱਖ ਦੀ ਤੁੱਛਤਾ ਸਪਸ਼ਟ ਹੋ ਜਾਵੇਗੀ।
ਇਸੇ ਤਰੀਕੇ ਨਾਲ, ਉਸਨੂੰ ਉਸ ਉੱਤੇ ਆਉਣ ਵਾਲੇ ਸੰਭਾਵਿਕ ਨੁਕਸਾਨ ਦੇ ਡਰ ਦੀ ਤੁਲਨਾ ਉਸ ਤੋਂ ਸੁਰੱਖਿਆ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਨਾਲ ਕਰਨੀ ਚਾਹੀਦੀ ਹੈ। ਉਸਨੂੰ ਪਤਾ ਚਲੇਗਾ ਕਿ ਡਰ ਦੀ ਇੱਕ ਕਮਜ਼ੋਰ ਸੰਭਾਵਨਾ, ਸੁਰੱਖਿਆ ਦੀ ਬਹੁਤ ਸਾਰੀਆਂ ਮਜ਼ਬੂਤ ਸੰਭਾਵਨਾਵਾਂ 'ਤੇ ਕਦੀ ਵੀ ਹਾਵੀ ਨਹੀਂ ਹੋ ਸਕਦੀ। ਇਸ ਨਾਲ ਉਸਦੀ ਚਿੰਤਾ ਅਤੇ ਡਰ ਦੂਰ ਹੋ ਜਾਣਗੇ। ਉਸਨੂੰ ਸੰਭਾਵਿਕ ਘਟਨਾਵਾਂ, ਜੋ ਉਸਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਵਿੱਚੋਂ ਸਭ ਤੋਂ ਵੱਡੀ ਦਾ ਅੰਦਾਜ਼ਾ ਲਗਾਉਣਾ ਚਾਹੀਦਾ ਹੈ, ਤਾਂ ਜੋ ਜੇਕਰ ਉਹ ਵਾਪਰੇ ਤਾਂ ਉਸ ਲਈ ਆਪਣੇ ਮਨ ਨੂੰ ਤਿਆਰ ਕਰ ਲਵੇ। ਜਿਹੜੀ ਅਜੇ ਨਹੀਂ ਵਾਪਰੀ ਉਸ ਨੂੰ ਰੋਕਣ ਦੀ, ਅਤੇ ਜਿਹੜੀ ਵਾਪਰ ਚੁੱਕੀ ਹੈ, ਉਸ ਨੂੰ ਦੂਰ ਕਰਨ ਜਾਂ ਘੱਟ ਕਰਨ ਦੀ ਕੋਸ਼ਿਸ਼ ਕਰੇ।
ਲੋਕਾਂ ਦੀ ਪਹੁੰਚਾਈ ਤਕਲੀਫ਼ ਦਾ ਨੁਕਸਾਨ ਉਦੋਂ ਤੱਕ ਹੀ ਹੈ, ਜਦੋਂ ਤੱਕ ਤੁਸੀਂ ਉਸ ਨੂੰ ਆਪਣੇ ਉੱਤੇ ਹਾਵੀ ਨਹੀਂ ਕਰਦੇ। ਲਾਭਦਾਇਕ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਤੁਸੀਂ ਇਹ ਜਾਣ ਜਾਓ ਕਿ ਜੇਕਰ ਲੋਕੀ ਤੁਹਾਨੂੰ ਕੋਈ ਤਕਲੀਫ਼ ਦਿੰਦੇ ਹਨ, ਖਾਸ ਤੌਰ 'ਤੇ ਮਾੜੇ ਬੋਲਾਂ ਰਾਹੀਂ, ਤਾਂ ਉਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਸਗੋਂ ਉਨ੍ਹਾਂ ਨੂੰ ਹੀ ਨੁਕਸਾਨ ਪਹੁੰਚਾਉਂਦੀ ਹੈ। ਹਾਂ, ਜੇਕਰ ਤੁਸੀਂ ਉਸ ਬਾਰੇ ਸੋਚਣ ਵਿੱਚ ਆਪਣੇ ਆਪ ਨੂੰ ਰੁੱਝਾ ਲਵੋ ਅਤੇ ਉਸ ਨੂੰ ਆਪਣੇ ਜਜ਼ਬਾਤਾਂ 'ਤੇ ਹਾਵੀ ਹੋਣ ਦਿਓ, ਤਾਂ ਅਜਿਹੀ ਹਾਲਤ ਵਿੱਚ ਉਹ ਤੁਹਾਨੂੰ ਵੀ ਉਸੇ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਹੈ ਜਿਵੇਂ ਉਨ੍ਹਾਂ ਨੂੰ ਪਹੁੰਚਾਏਗੀ। ਪਰ ਜੇ ਤੁਸੀਂ ਇਸਦੀ ਬਿਲਕੁਲ ਪਰਵਾਹ ਨਹੀਂ ਕਰਦੇ, ਤਾਂ ਇਹ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ।
ਆਪਣੇ ਜੀਵਨ ਨੂੰ ਨੇਕ ਅਤੇ ਲਾਭਦਾਇਕ ਵਿਚਾਰਾਂ ਨਾਲ ਸੰਵਾਰੋ। ਇਹ ਗੱਲ ਵੀ ਜਾਣ ਲਵੋ ਕਿ ਤੁਹਾਡੀ ਜ਼ਿੰਦਗੀ ਤੁਹਾਡੇ ਵਿਚਾਰਾਂ 'ਤੇ ਅਧਾਰਿਤ ਹੈ। ਜੇਕਰ ਤੁਹਾਡੇ ਵਿਚਾਰ ਤੁਹਾਡੇ ਦੀਨ ਅਤੇ ਦੁਨੀਆ ਲਈ ਲਾਭਦਾਇਕ ਹਨ, ਤਾਂ ਤੁਹਾਡੀ ਜ਼ਿੰਦਗੀ ਚੰਗੀ ਅਤੇ ਖੁਸ਼ੀਆਂ ਭਰੀ ਹੈ। ਨਹੀਂ ਤਾਂ ਮਾਮਲਾ ਇਸਦੇ ਉਲਟ ਹੈ।
ਹਮੇਸ਼ਾ ਧਿਆਨ ਰੱਖੋ ਕਿ ਤੁਹਾਡਾ ਮਾਮਲਾ ਅੱਲਾਹ ਲਈ ਹੋਵੇ, ਨਾ ਕਿ ਲੋਕਾਂ ਲਈ। ਚਿੰਤਾ ਨੂੰ ਦੂਰ ਕਰਨ ਲਈ ਸਭ ਤੋਂ ਵੱਧ ਲਾਭਕਾਰੀ ਸਾਧਨਾਂ ਵਿੱਚੋਂ ਇੱਕ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਇਸ ਗੱਲ ਦਾ ਆਦੀ ਬਣਾ ਲਵੋ ਕਿ ਅੱਲਾਹ ਤੋਂ ਇਲਾਵਾ ਕਿਸੇ ਹੋਰ ਤੋਂ ਬਦਲੇ ਦੀ ਉਮੀਦ ਨਾ ਰੱਖੋ। ਸੋ, ਜਦੋਂ ਵੀ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਕੋਈ ਭਲਾਈ ਕਰੋ ਜਿਸਦਾ ਤੁਹਾਡੇ ਉੱਤੇ ਕੋਈ ਹੱਕ ਹੋਵੇ, ਜਾਂ ਜਿਸਦਾ ਹੱਕ ਨਾ ਵੀ ਹੋਵੇ, ਤਾਂ ਇਹ ਜਾਣ ਲਵੋ ਕਿ ਤੁਹਾਡਾ ਇਹ ਮਾਮਲਾ ਕੇਵਕ ਅੱਲਾਹ ਲਈ ਹੈ। ਇਸ ਲਈ ਜੇ ਤੁਸੀਂ ਕਿਸੇ 'ਤੇ ਕੋਈ ਕਿਰਪਾ ਕਰੋ, ਤਾਂ ਉਸਦੀ ਸ਼ੁਕਰਗੁਜ਼ਾਰੀ (ਧੰਨਵਾਦੀ ਹੋਣ) ਦੀ ਪਰਵਾਹ ਨਾ ਕਰੋ। ਜਿਵੇਂ ਕਿ ਅੱਲਾਹ ਤਆਲਾ ਨੇ ਆਪਣੇ ਆਗਿਆਕਰੀ ਬੰਦਿਆਂ ਦੇ ਹੱਕ ਵਿੱਚ ਫਰਮਾਇਆ ਹੈ: "(ਅਤੇ ਆਖਦੇ ਹਨ ਕਿ) ਅਸੀਂ ਤੁਹਾਨੂੰ ਕੇਵਲ ਅੱਲਾਹ (ਨੂੰ ਖ਼ੁਸ਼ ਕਰਨ) ਲਈ ਖਾਣਾ ਖੁਆ ਰਹੇ ਹਾਂ। ਅਸੀਂ ਤੁਹਾਥੋਂ ਨਾ ਤਾਂ ਇਸ ਦਾ ਕੋਈ ਬਦਲਾ ਚਾਹੁੰਦੇ ਹਾਂ ਤੇ ਨਾ ਹੀ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਧੰਨਵਾਦ ਕਰੋ।" (ਸੂਰਤ ਅਲ-ਇਨਸਾਨ/ਦਹਰ: 9)
ਪਰਿਵਾਰ ਅਤੇ ਬੱਚਿਆਂ ਨਾਲ ਵਰਤਾਓ ਕਰਨ ਵਿੱਚ ਇਸ ਗੱਲ 'ਤੇ ਖਾਸ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ, ਕਿਉਂ ਜੋ ਉਨ੍ਹਾਂ ਨਾਲ ਤੁਹਾਡਾ ਗਹਿਰਾ ਸੰਬੰਧ ਹੁੰਦਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਬੁਰਾਈ ਨੂੰ ਦੂਰ ਰੱਖਣ ਦਾ ਆਦੀ ਬਣਾ ਲੈਂਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਵੀ ਚੈਨ ਨਾਲ ਜਿਉਣ ਦਿਓਂਗੇ ਅਤੇ ਆਪ ਵੀ ਚੈਨ ਨਾਲ ਜੀਵਨ ਬਤੀਤ ਕਰੋਗੇ। ਮਨ ਦੀ ਸ਼ਾਂਤੀ ਹਾਸਲ ਕਰਨ ਦੇ ਸਾਧਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਚੰਗਿਆਈ ਨੂੰ ਆਪਣੀ ਅੰਦਰੂਨੀ ਪ੍ਰੇਰਣਾ ਅਨੁਸਾਰ ਅਪਣਾਇਆ ਜਾਵੇ ਅਤੇ ਉਸ 'ਤੇ ਅਮਲ ਕੀਤਾ ਜਾਵੇ, ਨਾ ਕਿ ਉਸ ਬਨਾਵਟੀਪਣ ਨਾਲ ਜੋ ਤੁਹਾਨੂੰ ਪਰੇਸ਼ਾਨ ਕਰਦਾ ਹੈ ਅਤੇ ਜਿਸ ਕਾਰਨ ਤੁਸੀਂ ਸਭ ਕੁੱਝ ਛੱਡ ਕੇ ਅਸਫਲ ਹੋ ਕੇ ਬੈਠ ਜਾਂਦੇ ਹੋ। ਇਹ ਬਹੁਤ ਵੱਡੀ ਸਮਝਦਾਰੀ (ਹਿਕਮਤ) ਦੀ ਗੱਲ ਹੈ ਕਿ ਤੁਸੀਂ ਪਰੇਸ਼ਾਨ ਕਰਨ ਵਾਲੇ ਮਾਮਲਿਆਂ ਵਿੱਚੋਂ ਵੀ ਸਾਫ਼ ਅਤੇ ਚੰਗੀਆਂ ਗੱਲਾਂ ਕੱਢ ਲਵੋ। ਇਸ ਨਾਲ ਸੁੱਖ-ਸ਼ਾਂਤੀ ਵਿੱਚ ਵਾਧਾ ਹੁੰਦਾ ਹੈ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਲਾਭਕਾਰੀ ਕੰਮਾਂ ਵੱਲ ਧਿਆਨ ਦੇਣਾ ਅਤੇ ਨੁਕਸਾਨਦਾਇਕ ਕੰਮਾਂ ਤੋਂ ਦੂਰ ਰਹਿਣਾ। ਲਾਭਕਾਰੀ ਕੰਮਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖੋ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਕਰੋ, ਅਤੇ ਨੁਕਸਾਨਦਾਇਕ ਮਾਮਲਿਆਂ ਵੱਲ ਧਿਆਨ ਨਾ ਦਿਓ; ਇਸ ਤਰ੍ਹਾਂ ਤੁਸੀਂ ਚਿੰਤਾ ਅਤੇ ਗ਼ਮ ਪੈਦਾ ਕਰਨ ਵਾਲੇ ਕਾਰਨਾਂ ਤੋਂ ਬੇਪਰਵਾਹ ਹੋ ਜਾਵੋਗੇ। ਇਸਦੇ ਨਾਲ ਹੀ ਸਹੀ ਤਰੀਕੇ ਨਾਲ ਆਰਾਮ ਕਰੋ ਅਤੇ ਜ਼ਰੂਰੀ ਕੰਮਾਂ ਵੱਲ ਆਪਣਾ ਧਿਆਨ ਲਗਾਵੋ।
ਕੰਮਾਂ ਨੂੰ ਤੁਰੰਤ ਨਿਪਟਾਉਣਾ। ਲਾਭਕਾਰੀ ਗੱਲਾਂ ਵਿੱਚ ਇਹ ਸ਼ਾਮਲ ਹੈ ਕਿ ਕੰਮਾਂ ਨੂੰ ਫੌਰਨ ਹੀ ਪੂਰਾ ਕਰ ਲਿਆ ਜਾਵੇ, ਅਤੇ ਭਵਿੱਖ ਲਈ ਵਿਹਲ ਕੱਢੀ ਜਾਵੇ। ਕਿਉਂਕਿ ਜੇ ਕੰਮਾਂ ਨੂੰ ਉਸੇ ਵੇਲੇ ਨਾ ਨਿਪਟਾਇਆ ਜਾਵੇ, ਤਾਂ ਪਿਛਲੇ ਬਚੇ ਹੋਏ ਕੰਮ ਇਕੱਠੇ ਹੋ ਜਾਂਦੇ ਹਨ, ਅਤੇ ਉਹਨਾਂ ਵਿੱਚ ਅੱਗੇ ਆਉਣ ਵਾਲੇ ਕੰਮ ਵੀ ਸ਼ਾਮਲ ਹੋ ਜਾਂਦੇ ਹਨ, ਜਿਸ ਨਾਲ ਉਹਨਾਂ ਦਾ ਬੋਝ ਹੋਰ ਵੀ ਭਾਰੀ ਹੋ ਜਾਂਦਾ ਹੈ। ਇਸ ਲਈ, ਜਦੋਂ ਤੁਸੀਂ ਹਰ ਕੰਮ ਨੂੰ ਉਸਦੇ ਨਿਰਧਾਰਿਤ ਸਮੇਂ 'ਤੇ ਪੂਰਾ ਕਰਦੇ ਹੋ, ਤਾਂ ਆਉਣ ਵਾਲੇ ਮਾਮਲਿਆਂ ਦਾ ਸਾਹਮਣਾ ਪੂਰੀ ਸੋਚ-ਸਮਝ ਅਤੇ ਤਾਕਤ ਨਾਲ ਕਰਦੇ ਹੋ।
ਸਲਾਹ-ਮਸ਼ਵਰੇ ਦੇ ਨਾਲ ਸਭ ਤੋਂ ਜ਼ਰੂਰੀ ਕੰਮ ਦੀ ਚੋਣ ਕਰਨੀ। ਤੁਹਾਨੂੰ ਚਾਹੀਦਾ ਹੈ ਕਿ ਲਾਭਕਾਰੀ ਕੰਮਾਂ ਵਿੱਚੋਂ ਸਭ ਤੋਂ ਜ਼ਰੂਰੀ ਕੰਮ ਦੀ ਪਹਿਲਾਂ ਚੋਣ ਕਰੋ। ਉਹ ਕੰਮ ਚੁਣੋ ਜਿਸ ਵੱਲ ਤੁਹਾਡਾ ਮਨ ਝੁਕਦਾ ਹੈ ਅਤੇ ਜਿਸ ਵੱਲ ਤੁਹਾਡੀ ਜ਼ਿਆਦਾ ਰੁਚੀ ਹੋਵੇ ਕਿਉਂ ਜੋ ਇਸਦੇ ਉਲਟ ਕੰਮ ਕਰਨ ਨਾਲ ਬੋਰੀਅਤ, ਥਕਾਵਟ ਅਤੇ ਉਦਾਸੀ ਪੈਦਾ ਹੁੰਦੀ ਹੈ। ਇਸ ਲਈ ਸਹੀ ਸੋਚ-ਵਿਚਾਰ ਅਤੇ ਸਲਾਹ-ਮਸ਼ਵਰੇ ਤੋਂ ਮਦਦ ਲਵੋ, ਕਿਉਂਕਿ ਜਿਸਨੇ ਸਲਾਹ ਲੈ ਲਈ ਉਹ ਕਦੇ ਨਹੀਂ ਪਛਤਾਇਆ। ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਉਸ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕਰੋ। ਫਿਰ ਜਦੋਂ ਇਹ ਪੱਕਾ ਹੋ ਜਾਵੇ ਕਿ ਇਸ ਵਿੱਚ ਭਲਾਈ ਹੈ ਅਤੇ ਤੁਸੀਂ ਪੱਕਾ ਇਰਾਦਾ ਕਰ ਲਵੋਂ, ਤਾਂ ਅੱਲਾਹ 'ਤੇ ਭਰੋਸਾ ਰੱਖੋ। ਬੇਸ਼ੱਕ, ਅੱਲਾਹ ਭਰੋਸਾ ਰੱਖਣ ਵਾਲਿਆਂ ਨੂੰ ਪਸੰਦ ਕਰਦਾ ਹੈ।
ਸਾਰੀਆਂ ਤਾਰੀਫਾਂ ਤਾਂ ਕੇਵਲ ਅੱਲਾਹ ਲਈ ਹੀ ਹਨ ਜੋ ਕਿ ਸਾਰੇ ਜਹਾਨਾਂ ਦਾ ਪਾਲਣਹਾਰ ਹੈ।
ਅੱਲਾਹ ਦੀ ਕਿਰਪਾ ਅਤੇ ਸਲਾਮਤੀ ਹੋਵੇ ਸਾਡੇ ਪੈਗੰਬਰ ਮੁਹੰਮਦ ﷺ 'ਤੇ, ਉਨ੍ਹਾਂ ਦੇ ਪਰਿਵਾਰ ਅਤੇ ਸਹਾਬੀਆਂ 'ਤੇ।
Related books
All books
ਉੱਮਤ ਦੇ ਆਮ ਲੋਕਾਂ ਲਈ ਮਹੱਤਵਪੂਰਨ ਸਬਕ।78 ਭਾਸ਼ਾਵਾਂਉੱਮਤ ਦੇ ਆਮ ਲੋਕਾਂ ਲਈ ਮਹੱਤਵਪੂਰਨ ਸਬਕ।
ਸ਼ੇਖ ਅਬਦੁਲ ਅਜ਼ੀਜ਼ ਬਿਨ ਬਾਜ਼ ਰਹਿਮਤੁੱਲਾ ਅਲੈਹ ਦੀ ਕਿਤਾਬ "ਉੱਮਤ ਦੇ ਆਮ ਲੋਕਾਂ ਲਈ ਮਹੱਤਵਪੂਰਨ ਸਬਕ" ਇੱਕ ਸੰਖੇਪ ਪਰ ਬਹੁਤ ਲਾਭਦਾਇਕ ਰਿਸਾਲਾ ਹੈ। ਇਸਨੂੰ ਇਮਾਮ ਸਾਹਿਬ ਨੇ ਆਮ ਮੁਸਲਮਾਨਾਂ ਨੂੰ ਗਿਆਨ ਪ੍ਰਦਾਨ ਕਰਨ ਲਈ ਲਿਖਿਆ ਹੈ। ਇਸ ਵਿੱਚ ਦੀਨ ਦੇ ਬੁਨਿਆਦੀ ਅਸੂਲਾਂ ਅਤੇ ਥੰਮ੍ਹਾਂ, ਜਿਵੇਂ ਕਿ ਤੌਹੀਦ, ਈਮਾਨ ਅਤੇ ਇਸਲਾਮ, ਤੋਂ ਲੈ ਕੇ ਪਾਕੀਜ਼ਗੀ (ਤਹਾਰਤ) ਅਤੇ ਨਮਾਜ਼ ਦੇ ਹੁਕਮਾਂ, ਇਸਲਾਮੀ ਆਦਾਬ ਅਤੇ ਸ਼ਿਰਕ ਤੇ ਹੋਰ ਗੁਨਾਹਾਂ ਤੋਂ ਬਚਣ ਬਾਰੇ ਦੱਸਿਆ ਗਿਆ ਹੈ। ਇਹ ਸਾਰੀਆਂ ਗੱਲਾਂ ਕੁਰਆਨ ਅਤੇ ਸੁੰਨਤ 'ਤੇ ਅਧਾਰਿਤ, ਬਹੁਤ ਹੀ ਆਸਾਨ ਅਤੇ ਸਪੱਸ਼ਟ ਢੰਗ ਨਾਲ ਬਿਆਨ ਕੀਤੀਆਂ ਗਈਆਂ ਹਨ, ਤਾਂ ਜੋ ਹਰ ਮੁਸਲਮਾਨ ਤੱਕ ਸਹੀ ਅਕੀਦਾ ਅਤੇ ਇਬਾਦਤ ਦੀ ਸਮਝ ਪਹੁੰਚ ਸਕੇ।
ਤਿੰਨ ਉਸੂਲ ਅਤੇ ਉਹਨਾਂ ਦੇ ਸਬੂਤ72 ਭਾਸ਼ਾਵਾਂਤਿੰਨ ਉਸੂਲ ਅਤੇ ਉਹਨਾਂ ਦੇ ਸਬੂਤ
ਇਹ ਕਿਤਾਬ ਉਹਨਾਂ ਬੁਨਿਆਦੀ ਅਸੂਲਾਂ ਦਾ ਵਰਣਨ ਕਰਦੀ ਹੈ ਜਿਨ੍ਹਾਂ ਨੂੰ ਹਰ ਮੁਸਲਮਾਨ ਲਈ ਸਿੱਖਣਾ ਲਾਜ਼ਮੀ ਹੈ: ਅੱਲਾਹ ਦੀ ਪਛਾਣ, ਇਸਲਾਮ ਧਰਮ ਦੀ ਪਛਾਣ, ਅਤੇ ਨਬੀ ਮੁਹੰਮਦ ﷺ ਦੀ ਪਛਾਣ। ਇਹ ਕਿਤਾਬ ਕੁਰਾਨ ਅਤੇ ਹਦੀਸ ਦੀਆਂ ਦਲੀਲਾਂ ਦੇ ਅਧਾਰ 'ਤੇ, ਈਮਾਨ ਅਤੇ ਨੇਕ ਅਮਲਾਂ ਨੂੰ ਮਜ਼ਬੂਤ ਕਰਨ ਲਈ ਇਹਨਾਂ ਅਸੂਲਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੀ ਹੈ।
ਮੁਸਲਮਾਨ ਬੱਚਿਆਂ ਲਈ ਜਿਨ੍ਹਾਂ ਗੱਲਾਂ ਬਾਰੇ ਜਾਣਨਾ ਜ਼ਰੂਰੀ ਹੈ66 ਭਾਸ਼ਾਵਾਂਮੁਸਲਮਾਨ ਬੱਚਿਆਂ ਲਈ ਜਿਨ੍ਹਾਂ ਗੱਲਾਂ ਬਾਰੇ ਜਾਣਨਾ ਜ਼ਰੂਰੀ ਹੈ
ਸ਼ੁਰੂ ਕਰਦਾ ਹਾਂ ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ। ਮੁਡਲੇ ਸ਼ਬਦ ਸ਼ੁਰੂ ਅੱਲਾਹ ਦੇ ਨਾਂ ਨਾਲ, ਅਤੇ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਅੱਲਾਹ ਲਈ ਹਨ, ਇਸਤੋਂ ਬਾਅਦ: ਇਹ ਅੱਲਾਹ ਤਆਲਾ ਦੇ ਦੀਨ (ਧਰਮ) ਦੀਆਂ ਕੁੱਝ ਬੁਨਿਆਦੀ ਗੱਲਾਂ ਹਨ ਜਿਨ੍ਹਾਂ ਦੀ ਜਾਣਕਾਰੀ ਹਰ ਮੁਸਲਮਾਨ ਬੱਚੇ ਨੂੰ ਹੋਣੀ ਚਾਹੀਦੀ ਹੈ, ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਇਨ੍ਹਾਂ ਬਾਰੇ ਸਿੱਖਿਆ ਦੇਣ। ਇਹ ਅਕੀਦਾ (ਵਿਸ਼ਵਾਸ), ਫ਼ਿਕਹ (ਇਸਲਾਮੀ ਨਿਆ), ਨਬੀ ﷺ ਦੀ ਜੀਵਨੀ, ਸ਼ਿਸ਼ਟਾਚਾਰ, ਤਫ਼ਸੀਰ (ਕੁਰਾਨ ਦੀ ਵਿਆਖਿਆ), ਹਦੀਸ, ਨੈਤਿਕਤਾ ਅਤੇ ਅਜ਼ਕਾਰਾਂ (ਅੱਲਾਹ ਦਾ ਸਿਮਰਨ) ਬਾਰੇ ਇੱਕ ਸੰਪੂਰਨ ਅਤੇ ਸਰਲ ਕੋਰਸ ਹੈ; ਜੋ ਕਿ ਛੋਟੇ ਬੱਚਿਆਂ ਦੇ ਨਾਲ-ਨਾਲ ਹਰ ਉਮਰ ਦੇ ਲੋਕਾਂ ਅਤੇ ਨਵੇਂ ਮੁਸਲਮਾਨਾਂ ਲਈ…
ਮੁਅੱਜ਼ਿਨ, ਇਮਾਮ, ਖ਼ਤੀਬ ਅਤੇ ਮਸਜਿਦਾਂ ਦੇ ਹੁਕਮਾਂ ਬਾਰੇ ਮੁਫੀਦ ਸੰਖੇਪ47 ਭਾਸ਼ਾਵਾਂਮੁਅੱਜ਼ਿਨ, ਇਮਾਮ, ਖ਼ਤੀਬ ਅਤੇ ਮਸਜਿਦਾਂ ਦੇ ਹੁਕਮਾਂ ਬਾਰੇ ਮੁਫੀਦ ਸੰਖੇਪ
ਇਹ ਕਿਤਾਬ ਅਜ਼ਾਨ ਅਤੇ ਇਕਾਮਤ ਦੇ ਅਹਕਾਮ, ਨਮਾਜ਼ ਦੀ ਇਮਾਮਤ, ਜੁਮੇ ਦੇ ਖੁਤਬੇ, ਅਤੇ ਆਦਾਬ-ਇ-ਮਸਜਿਦ ਬਾਰੇ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ। ਇਹ ਕਿਤਾਬ ਮੁਅੱਜ਼ਿਨਾਂ, ਇਮਾਮਾਂ ਅਤੇ ਖਤੀਬਾਂ ਦੇ ਫਰਜ਼ਾਂ ਬਾਰੇ ਵੀ ਚਰਚਾ ਕਰਦੀ ਹੈ ਅਤੇ ਇਹਨਾਂ ਕੰਮਾਂ ਨਾਲ ਸੰਬੰਧਿਤ ਸ਼ਰਈ ਅਹਕਾਮ ਸਿੱਖਣ ਦੀ ਅਹਮੀਅਤ 'ਤੇ ਜ਼ੋਰ ਦਿੰਦੀ ਹੈ ਤਾਂ ਜੋ ਉਹਨਾਂ ਨੂੰ ਸਹੀ ਢੰਗ ਨਾਲ ਅਦਾ ਕੀਤਾ ਜਾ ਸਕੇ। ਇਸ ਵਿੱਚ ਨਬੀ ﷺ ਤੋਂ ਬਿਆਨ ਕੀਤੀਆਂ ਗਈਆਂ ਹਦੀਸਾਂ ਅਤੇ ਉਹਨਾਂ ਦੀ ਵਿਆਖਿਆ ਵੀ ਸ਼ਾਮਲ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ 'ਤੇ ਸਹੀ ਢੰਗ ਨਾਲ ਅਮਲ ਕੀਤਾ ਜਾਵੇ।