ٱلَّذِينَ يَأۡكُلُونَ ٱلرِّبَوٰاْ لَا يَقُومُونَ إِلَّا كَمَا يَقُومُ ٱلَّذِي يَتَخَبَّطُهُ ٱلشَّيۡطَٰنُ مِنَ ٱلۡمَسِّۚ ذَٰلِكَ بِأَنَّهُمۡ قَالُوٓاْ إِنَّمَا ٱلۡبَيۡعُ مِثۡلُ ٱلرِّبَوٰاْۗ وَأَحَلَّ ٱللَّهُ ٱلۡبَيۡعَ وَحَرَّمَ ٱلرِّبَوٰاْۚ فَمَن جَآءَهُۥ مَوۡعِظَةٞ مِّن رَّبِّهِۦ فَٱنتَهَىٰ فَلَهُۥ مَا سَلَفَ وَأَمۡرُهُۥٓ إِلَى ٱللَّهِۖ وَمَنۡ عَادَ فَأُوْلَٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ
ਜਿਹੜੇ ਲੋਕ ਸੂਦ ਖਾਂਦੇ ਹਨ ਉਹ (ਕਿਆਮਤ ਦਿਹਾੜੇ) ਉਸ ਵਿਅਕਤੀ ਵਾਂਗ ਖੜੇ ਹੋਣਗੇ ਜਿਸ ਨੂੰ ਸ਼ੈਤਾਨ ਨੇ ਛੂ ਕੇ ਪਾਗਲ ਬਣਾ ਦਿੱਤਾ ਹੋਵੇ। ਉਹਨਾਂ ਨੂੰ ਇਹ ਸਜ਼ਾ ਇਸ ਲਈ ਮਿਲੇਗੀ ਕਿ ਉਹ ਕਿਹਾ ਕਰਦੇ ਸਨ ਕਿ ਵਪਾਰ ਵੀ ਤਾਂ ਵਿਆਜ ਵਾਂਗ ਹੀ ਹੇ ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੇ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)। ਫਿਰ ਜਿਸ ਵਿਅਕਤੀ ਕੋਲ ਉਸ ਦੇ ਰੱਬ ਵੱਲੋਂ ਨਸੀਹਤ ਆ ਜਾਵੇ ਅਤੇ ਉਹ (ਵਿਆਜ ਖਾਣ ਤੋਂ) ਰੁਕ ਜਾਵੇ ਤਾਂ ਜਿਹੜਾ ਵਿਆਜ ਉਹ ਪਹਿਲਾਂ ਖਾ ਚੁੱਕਿਆ ਹੇ ਸੋ ਖਾ ਚੁੱਕਿਆ, ਉਸ ਦਾ ਮੁਆਮਲਾ ਅੱਲਾਹ ਕੋਲ ਹੇ ਪਰ ਜਿਹੜਾ ਵਿਅਕਤੀ ਫਿਰ ਮੁੜ (ਵਿਆਜੂ ਧੰਦਾ) ਕਰੇਗਾ ਤਾਂ ਅਜਿਹੇ ਲੋਕ ਹੀ ਨਰਕ ਵਿਚ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ।
- ਸੂਦ ਮੁੱਖ ਕਰਕੇ ਦੋ ਪ੍ਰਕਾਰ ਦਾ ਹੁੰਦਾ ਹੇ। ਇਕ ਇਹ ਕਿ ਕੁੱਝ ਸਮੇਂ ਲਈ ਕਿਸੇ ਨੂੰ ਸੌ ਰੁਪਏ ਇਸ ਸ਼ਰਤ ’ਤੇ ਦੇਣਾ ਕਿ ਵਾਪਸ ਕਰਦੇ ਹੋਏ ਇਕ ਸੌ ਪੰਜਾਹ ਜਾਂ ਇਕ ਸੌ ਪੱਚੀ ਦੇਣੇ ਹੋਣਗੇ। ਇਹ ਪੱਚੀ ਜਾ ਪੰਜਾਹ ਉਸ ਸਮੇਂ ਦੇ ਬਦਲੇ ਵਿਚ ਹੇ ਜਿਸ ਵਿਚ ਸੌ ਰੁਪਆ ਵਰਤਿਆ ਗਿਆ ਹੇ। ਦੂਜਾ ਸੂਦ ਉਹ ਹੇ ਜਿਹੜਾ ਛੇ ਚੀਜ਼ਾਂ ਵਿਚ ਘਟਣ ਵਧਣ ਜਾਂ ਨਕਦ ਤੇ ਉਧਾਰ ਕਾਰਨ ਹੁੰਦਾ ਹੇ। ਜਿਵੇਂ ਅਨਾਜ ਦੇ ਬਦਲੇ ਵਿਚ ਅਨਾਜ ਲੈਣ ਹੁੰਦਾ ਹੇ ਜੇਕਰ ਹੱਥੋ-ਹੱਥੀ ਬਰਾਬਰ ਬਰਾਬਰ ਹੋਵੇ ਤਾਂ ਠੀਕ ਹੇ ਜੇ ਇਸ ਵਿਚ ਘਟਣ ਵਧਣ ਜਾਂ ਇਕ ਨਕਦ ਹੋਵੇ ਤੇ ਦੂਜੀ ਉਧਾਰ ਹੋਵੇ ਜਾਂ ਦੋਵੇਂ ਹੀ ਉਧਾਰ ਹੋਣ ਉਹ ਵੀ ਸੂਦ ਹੇ। (ਅਹਸਨੁਲ ਬਿਆਨ)