شرح ألفاظ الأذان

شرح ألفاظ الأذان

كتاب ألفاظ الأذان شرح مختصر لمعاني ألفاظ الأذان بأسلوب يناسب غير المسلمين

Language: lang_pa
Prepared by: ਇਸਲਾਮੀ ਸਾਹਿਤ ਦੀਆਂ ਭਾਸ਼ਾਵਾਂ ਦੇ ਸੇਵਾ ਸੰਘ ਦੀ ਵਿਗਿਆਨਕ ਕਮੇਟੀ
Version: 1.1
Translations 39
Assamese Azerbaijani Bengali Bosnian +35
Attachments 7
PDF
Audio
Video
+3

ਅਜ਼ਾਨ ਦੇ ਬੋਲਾਂ ਦੀ ਵਿਆਖਿਆ।

ਇਸਲਾਮੀ ਸਾਹਿਤ ਦੀਆਂ ਭਾਸ਼ਾਵਾਂ ਦੇ ਸੇਵਾ ਸੰਘ ਦੀ ਵਿਗਿਆਨਕ ਕਮੇਟੀ।

ਅਜ਼ਾਨ ਇੱਕ ਰੱਬੀ ਸੱਦਾ ਹੈ ਜਿਸਨੂੰ ਹਰ ਮੁਸਲਮਾਨ ਦਿਨ ਵਿੱਚ ਪੰਜ ਵਾਰ ਸੁਣਦਾ ਹੈ। ਇਹ ਉਸਨੂੰ ਅੱਲਾਹ ਦੀ ਮਹਾਨਤਾ ਦੀ ਯਾਦ ਦਿਵਾਉਂਦਾ ਹੈ ਅਤੇ ਭਲਾਈ ਤੇ ਕਾਮਯਾਬੀ ਵੱਲ ਸੱਦਾ ਦਿੰਦਾ ਹੈ। ਇਹ ਇਨਸਾਨ ਅਤੇ ਉਸਦੇ ਖ਼ਾਲਿਕ (ਸਿਰਜਣਹਾਰ) ਦੇ ਵਿਚਕਾਰ ਸਬੰਧ ਦਾ ਇੱਕ ਪਲ ਹੈ, ਇੱਕ ਅਜਿਹਾ ਸਮਾਂ ਜਿਸ ਵਿੱਚ ਉਹ ਦੁਨੀਆਂ ਦੇ ਸ਼ੋਰ-ਸ਼ਰਾਬੇ ਤੋਂ ਵੱਖ ਹੋ ਕੇ ਆਪਣੇ ਰੱਬ ਅੱਗੇ ਅਰਦਾਸ ਕਰਨ ਲਈ ਖੜ੍ਹਾ ਹੁੰਦਾ ਹੈ। ਅਜ਼ਾਨ, ਕੇਵਲ ਨਮਾਜ਼ ਦਾ ਬੁਲਾਵਾ (ਸੱਦਾ) ਨਹੀਂ ਹੈ, ਸਗੋਂ ਇਹ ਸਕੂਨ, ਈਮਾਨ ਅਤੇ ਅੱਲਾਹ ਨਾਲ ਸਬੰਧ ਬਹਾਲ ਕਰਨ ਦਾ ਬੁਲਾਵਾ ਹੈ। ਅਜ਼ਾਨ ਦੇ ਸ਼ਬਦਾਂ ਦੇ ਅਰਥ ਬਹੁਤ ਡੂੰਘੇ ਹਨ, ਜੋ ਅੱਲਾਹ ਦੀ ਵਡਿਆਈ ਤੋਂ ਸ਼ੁਰੂ ਹੋ ਕੇ ਨਮਾਜ਼ ਦੇ ਬੁਲਾਵੇ 'ਤੇ ਖ਼ਤਮ ਹੁੰਦੇ ਹਨ, ਅਤੇ ਜਿੱਥੇ ਇੱਕ ਮੁਸਲਮਾਨ ਨੂੰ ਸਕੂਨ ਮਿਲਦਾ ਹੈ। ਹਰ ਵਾਰ ਜਦੋਂ ਅਜ਼ਾਨ ਪੜ੍ਹੀ ਜਾਂਦੀ ਹੈ, ਤਾਂ ਦਿਲ ਨੂੰ ਇਹ ਸੁਨੇਹਾ ਮਿਲਦਾ ਹੈ ਕਿ ਅਸਲ ਜ਼ਿੰਦਗੀ ਅੱਲਾਹ ਦੀ ਨੇੜਤਾ ਨਾਲ ਹੀ ਸ਼ੁਰੂ ਹੁੰਦੀ ਹੈ।

ਅਜ਼ਾਨ ਦੇ ਬੋਲ (ਸ਼ਬਦ):

ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ।

ਅੱਲਾਹੁ ਅਕਬਰ

ਮਹਾਨ ਨਾਂ "ਅੱਲਾਹ" ਦਾ ਅਰਥ ਹੈ ਇਲਾਹ, ਭਾਵ ਪੂਜਣਯੋਗ, ਜਿਸਦੀ ਇਬਾਦਤ ਕੀਤੀ ਜਾਂਦੀ ਹੈ। ਇਹ ਸਿਰਜਣਹਾਰ ਰੱਬ ਦਾ ਨਾਂ ਹੈ, ਜਿਸਦੀ ਸ਼ਾਨ ਮਹਾਨ ਹੈ, ਅਤੇ ਸਾਰੇ ਰੱਬੀ ਨਾਂ ਉਸ ਦੇ ਅਧੀਨ ਹਨ ਅਤੇ ਉਸ ਦੀ ਸਿਫ਼ਤ ਕਰਦੇ ਹਨ। ਅੱਲਾਹ ਇੱਕਲਾ ਅਤੇ ਇੱਕਲੌਤਾ ਹੈ, ਜਿਸਨੇ ਨਾ ਕਿਸੇ ਨੂੰ ਜਨਮਿਆ ਅਤੇ ਨਾ ਹੀ ਉਹ ਜਨਮਿਆ ਗਿਆ ਹੈ, ਅਤੇ ਉਹ ਅਸਮਾਨਾਂ ਅਤੇ ਧਰਤੀ ਦਾ ਸਿਰਜਣਹਾਰ ਹੈ ।

'ਅੱਲਾਹੁ ਅਕਬਰ' ਕਹਿਣ ਦਾ ਅਰਥ ਹੈ ਕਿ ਅੱਲਾਹ ਹਰ ਚੀਜ਼ ਤੋਂ ਵੱਡਾ ਹੈ, ਅਤੇ ਉਹ ਇਸ ਤੋਂ ਕਿਤੇ ਮਹਾਨ ਹੈ ਕਿ ਉਸ ਨਾਲ ਕੋਈ ਅਜਿਹੀ ਗੱਲ ਜੋੜੀ ਜਾਵੇ ਜੋ ਉਸਦੀ ਸ਼ਾਨ ਅਤੇ ਸੰਪੂਰਨਤਾ ਦੇ ਲਾਇਕ ਨਾ ਹੋਵੇ।

ਅੱਲਾਹੁ ਅਕਬਰ.. ਇਹ ਬੋਲ ਮੁਸਲਮਾਨ ਨੂੰ ਯਾਦ ਦਿਵਾਉਂਦਾ ਹੈ ਕਿ ਇਸ ਜ਼ਿੰਦਗੀ ਦੀ ਕੋਈ ਵੀ ਚੀਜ਼ ਉਸਨੂੰ ਉਸ ਦੇ ਖ਼ਾਲਿਕ (ਪੈਦਾ ਕਰਨ ਵਾਲੇ) ਤੋਂ ਦੂਰ ਨਾ ਕਰ ਦੇਵੇ। ਇਨਸਾਨ ਨੂੰ ਆਪਣੀ ਜ਼ਿੰਦਗੀ ਅੱਲਾਹ ਦੀ ਮਰਜ਼ੀ ਅਤੇ ਉਸਦੀ ਸ਼ਰੀਅਤ (ਹੁਕਮਾਂ) ਅਨੁਸਾਰ ਗੁਜ਼ਾਰਨੀ ਚਾਹੀਦੀ ਹੈ, ਨਾ ਕਿ ਆਪਣੀਆਂ ਇੱਛਾਵਾਂ ਅਤੇ ਕਾਮਨਾਵਾਂ ਅਨੁਸਾਰ, ਕਿਉਂਕਿ ਅੱਲਾਹ ਦੁਨੀਆਂ ਦੀ ਹਰ ਚੀਜ਼ ਤੋਂ ਮਹਾਨ ਹੈ।

‘ਅੱਲਾਹੁ ਅਕਬਰ’ ਦੀ ਆਵਾਜ਼ ਕਾਰੀਗਰ ਸੁਣਦਾ ਹੈ ਤਾਂ ਆਪਣਾ ਕੰਮ ਰੋਕ ਦਿੰਦਾ ਹੈ, ਕਿਸਾਨ ਆਪਣੀ ਵਾਹੀ ਰੋਕ ਦਿੰਦਾ ਹੈ, ਵਪਾਰੀ ਆਪਣੀ ਦੁਕਾਨ ਬੰਦ ਕਰ ਦਿੰਦਾ ਹੈ, ਅਤੇ ਉਸਤਾਦ ਆਪਣਾ ਸਬਕ ਰੋਕ ਦਿੰਦਾ ਹੈ; ਕਿਉਂਕਿ ਅੱਲਾਹ ਹਰ ਕੰਮ-ਕਾਜ ਤੋਂ ਵੱਡਾ ਹੈ, ਅਤੇ ਇਬਾਦਤ ਲਈ ਇਹ ਰੁਕਣਾ ਅਤੇ ਮੁੜਨਾ ਇਸ ਗੱਲ ਦਾ ਸਬੂਤ ਹੈ ਕਿ ਮੋਮਿਨ ਦੇ ਦਿਲ ਵਿੱਚ ਅੱਲਾਹ ਦੁਨੀਆਂ ਦੀ ਹਰ ਸ਼ੈਅ ਤੋਂ ਵੱਡਾ ਹੈ। ਅੱਲਾਹ ਹਰ ਬਲਾ ਅਤੇ ਮੁਸੀਬਤ ਤੋਂ, ਅਤੇ ਜ਼ਿੰਦਗੀ ਦੇ ਕਿਸੇ ਵੀ ਹਲਾਤ ਤੋਂ ਵੱਡਾ ਹੈ। ਜਿਹੜਾ ਇਸ ਗੱਲ 'ਤੇ ਈਮਾਨ (ਵਿਸ਼ਵਾਸ) ਰੱਖਦਾ ਹੈ, ਉਹ ਮੁਸ਼ਕਿਲਾਂ ਨੂੰ ਛੋਟਾ ਸਮਝਦਾ ਹੈ ਅਤੇ ਉਸ ਦੇ ਦਿਲ ਨੂੰ ਸਕੂਨ ਮਿਲ ਜਾਂਦਾ ਹੈ, ਕਿਉਂਕਿ ਉਹ ਅੱਲਾਹ ਦੇ ਨਾਲ ਹੈ, ਉਸ ਦੇ ਫ਼ੈਸਲੇ 'ਤੇ ਰਾਜ਼ੀ ਹੈ ਅਤੇ ਉਸ ਦੀ ਸੂਝ-ਬੂਝ ਅਤੇ ਗਿਆਨ 'ਤੇ ਭਰੋਸਾ ਰੱਖਦਾ ਹੈ।

ਅਸ਼ਹਦੁ ਅੱਲਾਹ ਲਾ ਇਲਾਹਾ ਇਲੱਲਾਹ, ਅਸ਼ਹਦੁ ਅੱਲਾਹ ਲਾ ਇਲਾਹਾ ਇਲੱਲਾਹ,

ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਬਿਨਾ ਕੋਈ ਮਾਬੂਦ ਨਹੀਂ।

ਇਹ ਪਹਿਲੀ ਗਵਾਹੀ ਹੈ। ਇਸਦਾ ਅਰਥ ਹੈ ਕਿ ਅੱਲਾਹ ਨੂੰ ਹਰ ਚੀਜ਼ ਦਾ ਸਿਰਜਣਹਾਰ, ਰੱਬ, ਮਾਲਕ ਤੇ ਪਰਬੰਧਕ ਮੰਨਣਾ, ਅਤੇ ਇਹ ਕਿ ਸਿਰਫ਼ ਉਸ ਇਕੱਲੇ ਦੀ ਹੀ ਇਬਾਦਤ ਕੀਤੀ ਜਾਣੀ ਚਾਹੀਦੀ ਹੈ, ਉਸ ਤੋਂ ਇਲਾਵਾ ਕਿਸੇ ਹੋਰ ਦੀ ਨਹੀਂ। ਇਹ ਕਿ ਸੱਚਾ ਮਾਬੂਦ (ਇਲਾਹ) ਸਿਰਫ਼ ਅੱਲਾਹ ਹੀ ਹੈ, ਅਤੇ ਉਹ ਇੱਕ ਹੈ, ਉਸਦਾ ਕੋਈ ਸ਼ਰੀਕ (ਸਾਂਝੀ) ਨਹੀਂ, ਨਾ ਉਸਦੀ ਕੋਈ ਔਲਾਦ ਹੈ, ਅਤੇ ਨਾ ਹੀ ਉਸ ਵਰਗਾ ਕੋਈ ਹੈ। ਇਸ ਲਈ, ਇਬਾਦਤ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਨਾ ਹੀ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਪੁਕਾਰਣਾ ਚਾਹੀਦਾ ਹੈ।

ਇਹ ਗਵਾਹੀ ਸ੍ਰਿਸ਼ਟੀ ਦੀ ਹੋਂਦ ਦੀ ਸਭ ਤੋਂ ਵੱਡੀ ਗਵਾਹੀ ਹੈ, ਅਤੇ ਇਹ ਸਾਰੇ ਰੱਬੀ ਸੰਦੇਸ਼ਾਂ ਵਿੱਚ ਈਮਾਨ ਦੀ ਬੁਨਿਆਦ ਹੈ। ਇਸ ਲਈ ਸਾਰੇ ਨਬੀਆਂ, ਜਿਵੇਂ ਕਿ ਨੂਹ, ਇਬਰਾਹੀਮ, ਮੂਸਾ, ਈਸਾ (ਅਲੈਹਿਮੁਸਲਾਮ) ਤੋਂ ਲੈ ਕੇ ਮੁਹੰਮਦ (ﷺ) ਤੱਕ, ਸਭ ਨੇ ਆਪਣੀਆਂ ਕੌਮਾਂ ਨੂੰ ਇਸ ਗੱਲ ਨੂੰ ਮੰਨਣ, ਕਬੂਲਣ ਅਤੇ ਇਸ 'ਤੇ ਈਮਾਨ ਲਿਆਉਣ ਦਾ ਸੰਦੇਸ਼ ਦਿੱਤਾ ਕਿ ਅੱਲਾਹ ਤੋਂ ਬਿਨਾ ਕੋਈ ਸੱਚਾ ਮਾਬੂਦ ਨਹੀਂ। ਇਹ ਉਹ ਕਲਿਮਾ ਹੈ ਜਿਸ ਲਈ ਅੱਲਾਹ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਇਸ ਨੂੰ ਸਥਾਪਿਤ ਕਰਨ ਲਈ ਰਸੂਲਾਂ ਨੂੰ ਭੇਜਿਆ, ਅਤੇ ਇਸ ਨੂੰ ਸਮਝਾਉਣ ਲਈ ਕਿਤਾਬਾਂ ਉਤਾਰੀਆਂ। ਜਿਸ ਕਿਸੇ ਨੇ ਵੀ ਇਸਨੂੰ ਸੱਚੇ ਦਿਲ ਨਾਲ ਅਪਣਾਇਆ, ਅੱਲਾਹ ਨੇ ਉਸ ਲਈ ਜੰਨਤ ਨੂੰ ਇਨਾਮ ਬਣਾਇਆ, ਅਤੇ ਜੋ ਕੋਈ ਵੀ ਇਸ 'ਤੇ ਪੱਕਾ ਈਮਾਨ ਰੱਖਦਿਆਂ ਹੋਇਆਂ ਮਰਿਆ, ਉਸ 'ਤੇ ਅੱਗ (ਜਹੰਨਮ) ਨੂੰ ਹਰਾਮ ਕਰ ਦਿੱਤਾ।

ਇਹ ਈਮਾਨ ਦੀ ਕੁੰਜੀ, ਛੁਟਕਾਰੇ ਦਾ ਦਰਵਾਜ਼ਾ, ਦੀਨ ਦੀ ਅਸਲ ਅਤੇ ਤੌਹੀਦ (ਅੱਲਾਹ ਨੂੰ ਹੀ ਇੱਕਲੋਤਾ ਰੱਬ ਤੇ ਈਲਾਹ ਮੰਨਣ) ਦੀ ਬੁਨਿਆਦ ਹੈ।

ਇਸ ਬੋਲ ਦੇ ਕਾਰਨ ਹੀ ਲੋਕ ਆਪਣੀਆਂ ਕਬਰਾਂ ਤੋਂ ਉਠਾਏ ਜਾਣਗੇ, ਅਤੇ ਕਿਆਮਤ ਦੇ ਦਿਨ ਉਨ੍ਹਾਂ ਦਾ ਹਿਸਾਬ ਲਿਆ ਜਾਵੇਗਾ। ਇਸ ਲਈ ਜਿਸ ਕਿਸੇ ਨੇ ਇਸ 'ਤੇ ਆਪਣਾ ਜੀਵਨ ਬਤੀਤ ਕੀਤਾ ਅਤੇ ਇਸ ਨਾਲ ਆਪਣੀ ਜ਼ਿੰਦਗੀ ਦਾ ਅੰਤ ਕੀਤਾ, ਉਸ ਨੇ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ, ਅਤੇ ਜਿਸ ਕਿਸੇ ਨੇ ਇਸ ਨੂੰ ਠੁਕਰਾ ਦਿੱਤਾ ਅਤੇ ਇਸ ਨੂੰ ਨਹੀਂ ਕਬੂਲਿਆ, ਉਹ ਜਹੰਨਮ ਵਿੱਚ ਹਮੇਸ਼ਾ ਰਹਿਣ ਦਾ ਹੱਕਦਾਰ ਬਣ ਗਿਆ।

ਅਸ਼ਹਦੁ ਅੰਨਾ ਮੁਹੰਮਦੱਰ ਰਸੂਲੁੱਲਾਹ, ਅਸ਼ਹਦੁ ਅੰਨਾ ਮੁਹੰਮਦੱਰ ਰਸੂਲੁੱਲਾਹ,

ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਅੱਲਾਹ ਦੇ ਰਸੂਲ ਹਨ।

ਇਸ ਗਵਾਹੀ ਦਾ ਅਰਥ ਇਹ ਹੈ ਕਿ ਮੁਸਲਮਾਨ ਗਵਾਹੀ ਦੇਵੇ ਕਿ ਅੱਲਾਹ ਨੇ ਮੁਹੰਮਦ ﷺ ਨੂੰ ਰੱਬੀ ਸੰਦੇਸ਼ਾਂ ਦੇ ਸਿਲਸਿਲੇ ਨੂੰ ਖਤਮ ਕਰਨ ਵਾਲਾ ਅਤੇ ਲੋਕਾਂ ਤੱਕ ਉਨ੍ਹਾਂ ਦੇ ਰੱਬ ਦਾ ਸੰਦੇਸ਼ ਪਹੁੰਚਾਉਣ ਵਾਲਾ ਬਣਾ ਕੇ ਭੇਜਿਆ ਹੈ। ਹਰ ਮੁਸਲਮਾਨ ਦਾ ਇਹ ਪੱਕਾ ਯਕੀਨ ਹੋਣਾ ਚਾਹੀਦਾ ਹੈ ਕਿ ਅੱਲਾਹ ਦੀ ਇਬਾਦਤ ਕਰਨ ਅਤੇ ਉਸਦੀ ਰਜ਼ਾ ਨੂੰ ਪ੍ਰਾਪਤ ਕਰਨ ਦਾ ਇੱਕੋ-ਇੱਕ ਰਾਹ, ਰਸੂਲ ﷺ ਦੀ ਰਸਾਲਤ ਦੀ ਗਵਾਹੀ ਦੇਣਾ, ਉਨ੍ਹਾਂ ਦੇ ਹੁਕਮਾਂ ਦਾ ਪਾਲਣ ਕਰਨਾ, ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲਣਾ, ਅਤੇ ਉਸ ਸ਼ਰੀਅਤ ਅਨੁਸਾਰ ਅੱਲਾਹ ਦੀ ਇਬਾਦਤ ਕਰਨਾ ਹੈ ਜਿਹੜੀ ਰਸੂਲ ਮੁਹੰਮਦ ﷺ ਨੇ ਪਹੁੰਚਾਈ ਹੈ। ਹਰ ਉਹ ਇਬਾਦਤ ਜਿਸ ਰਾਹੀਂ ਇਨਸਾਨ (ਅੱਲਾਹ ਦੀ) ਨੇੜਤਾ ਹਾਸਲ ਕਰਨਾ ਚਾਹੁੰਦਾ ਹੈ, ਪਰ ਜਿਸਨੂੰ ਰਸੂਲ ﷺ ਨੇ ਨਹੀਂ ਦੱਸਿਆ, ਉਹ ਇੱਕ ਬਾਤਿਲ (ਵਿਅਰਥ) ਇਬਾਦਤ ਹੈ ਅਤੇ ਉਹ ਆਪਣੇ ਕਰਨ ਵਾਲੇ ਨੂੰ ਦੁਨੀਆ ਅਤੇ ਆਖ਼ਰਤ ਵਿੱਚ ਕੋਈ ਲਾਭ ਨਹੀਂ ਦਿੰਦੀ, ਸਗੋਂ ਉਸ ਤੋਂ ਇਸ ਬਾਰੇ ਹਿਸਾਬ ਲਿਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ; ਕਿਉਂਕਿ ਉਸਨੇ ਅੱਲਾਹ ਦੀ ਇਬਾਦਤ ਉਸ ਤਰੀਕੇ ਤੋਂ ਹੱਟ ਕੇ ਕੀਤੀ ਹੈ ਜੋ ਉਸਦੇ ਰਸੂਲ ﷺ ਨੇ ਦੱਸਿਆ ਹੈ।

ਇਸ ਗਵਾਹੀ ਵਿੱਚ ਇਹ ਵੀ ਸ਼ਾਮਲ ਹੈ ਕਿ ਰਸੂਲ ﷺ ਸਾਰੇ ਜਹਾਨਾਂ ਦੇ ਰੱਬ ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਹਨ, ਇਹ ਵੀ ਕਿ ਉਹ ਸਾਰੇ ਰਸੂਲਾਂ (ਅਲੈਹਿਮੁਸਲਾਮ) ਵਿੱਚੋਂ ਆਖਰੀ ਹਨ ਅਤੇ ਉਨ੍ਹਾਂ ਤੋਂ ਬਾਅਦ ਕੋਈ ਨਬੀ ਨਹੀਂ ਹੈ। ਇਸੇ ਤਰ੍ਹਾਂ ਇਸ ਵਿੱਚ ਉਨ੍ਹਾਂ ਸਾਰੀਆਂ ਨਿਸ਼ਾਨੀਆਂ 'ਤੇ ਈਮਾਨ ਲਿਆਉਣਾ ਵੀ ਸ਼ਾਮਲ ਹੈ ਜੋ ਆਪ ﷺ ਲੈ ਕੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਹਾਨ ਕੁਰਆਨ ਕਰੀਮ ਹੈ, ਜੋ ਕਿ ਆਖਰੀ ਰੱਬੀ ਸੰਦੇਸ਼ ਹੈ, ਜੋ ਅਜੇ ਵੀ ਉਸੇ ਭਾਸ਼ਾ ਵਿੱਚ ਮੌਜੂਦ ਹੈ ਜਿਸ ਵਿੱਚ ਇਹ ਨਾਜ਼ਿਲ ਹੋਇਆ (ਉਤਾਰਿਆ ਗਿਆ) ਸੀ, ਅਤੇ ਹਰ ਤਰ੍ਹਾਂ ਦੇ ਵਾਧੇ-ਘਾਟੇ ਜਾਂ ਬਦਲਾਅ ਤੋਂ ਸੁਰੱਖਿਅਤ ਹੈ। ਇਹ ਵੀ ਕਿ ਕੁਰਆਨ ਕਰੀਮ ਆਪਣੇ ਉਚਾਰਨ, ਹੁਕਮਾਂ ਅਤੇ ਹਿਦਾਇਤਾਂ ਵਿੱਚ ਬੇਮਿਸਾਲ (ਅਣੋਖਾ) ਹੈ, ਅਤੇ ਅੱਲਾਹ ਨੇ ਮਨੁੱਖਤਾ ਨੂੰ ਇਹ ਚੁਣੌਤੀ ਦਿੱਤੀ ਹੈ ਕਿ ਉਹ ਇਸ ਵਰਗੀ ਇੱਕ ਸੂਰਤ ਵੀ ਲੈ ਆਉਣ; ਪਰ ਸਾਲਾਂ ਬੀਤ ਜਾਣ ਦੇ ਬਾਅਦ ਵੀ, ਅੱਜ ਤੱਕ ਮਨੁੱਖਜਾਤੀ ਅਜਿਹਾ ਕਰਨ ਵਿੱਚ ਅਸਮਰੱਥ ਰਹੀ ਹੈ।

ਇਸ ਗਵਾਹੀ ਵਿੱਚ ਇਹ ਵੀ ਸ਼ਾਮਿਲ ਹੈ ਕਿ ਰਸੂਲ ﷺ ਲੋਕਾਂ ਨੂੰ ਤੌਹੀਦ ਵੱਲ ਵਾਪਸ ਲਿਆਉਣ ਲਈ ਹੀ ਆਏ ਸਨ, ਜਿਵੇਂ ਕਿ ਉਨ੍ਹਾਂ ਤੋਂ ਪਹਿਲਾਂ ਇਬਰਾਹੀਮ, ਮੂਸਾ ਅਤੇ ਈਸਾ (ਅਲੈਹਿਮੁੱਸਲਾਮ) ਆਏ ਸਨ। ਉਹ ਸਾਰੇ ਜਹਾਨਾਂ ਦੇ ਰੱਬ ਦੇ ਰਸੂਲ ਹਨ, ਜੋ ਉਸੇ ਰਸਤੇ 'ਤੇ ਚੱਲੇ ਜਿਸ 'ਤੇ ਸਾਰੇ ਨਬੀ ਆਪਣੇ ਰੱਬ ਦੇ ਸੰਦੇਸ਼ਾਂ ਨੂੰ ਪਹੁੰਚਾਉਣ ਲਈ ਚੱਲੇ ਸਨ, ਹੁਣ ਉਨ੍ਹਾਂ ਤੋਂ ਬਾਅਦ ਕੋਈ ਨਬੀ ਨਹੀਂ ਹੈ।

ਹੱਯਿਆ ਅਲੱਸਲਾਤਿ, ਹੱਯਿਆ ਅਲੱਸਲਾਤ,

ਆਵੋ ਨਮਾਜ਼ ਵੱਲ

ਇਸ ਬੋਲ ਦਾ ਅਰਥ ਹੈ: ਹੇ ਮੁਸਲਮਾਨੋ! ਆਪਣੇ ਰੱਬ ਦੀ ਇਬਾਦਤ ਵੱਲ ਮੁੜੋ, ਕਿਉਂਕਿ ਉਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ, ਉਹ ਤੌਬਾ ਕਬੂਲ ਕਰਦਾ ਹੈ ਅਤੇ ਗੁਨਾਹਾਂ ਨੂੰ ਮਾਫ਼ ਕਰ ਦਿੰਦਾ ਹੈ।

ਇਹ ਕਿੰਨਾ ਵੱਡਾ ਸਨਮਾਨ ਹੈ ਕਿ ਅੱਲਾਹ ਕਿਸੇ ਇਨਸਾਨ ਨੂੰ ਹਰ ਉਸ ਥਾਂ 'ਤੇ ਜਿੱਥੇ ਮੁਸਲਮਾਨਾਂ ਦਾ ਕੋਈ ਸਮੂਹ ਹੋਵੇ, ਇਹ ਹੁਕਮ ਦੇਵੇ ਕਿ ਉਹ ਅਜ਼ਾਨ ਦੇਵੇ ਅਤੇ ਉਨ੍ਹਾਂ ਨੂੰ ਹਰ ਰੋਜ਼ ਪੰਜ ਵਾਰ ਇਹ ਕਹਿ ਕੇ ਸੱਦਾ ਦੇਵੇ: 'ਆਓ ਅਤੇ ਆਪਣੇ ਰੱਬ ਦੀ ਇਬਾਦਤ ਵੱਲ ਵਧੋ।'

ਇਹ ਮੋਮਿਨਾਂ ਲਈ ਇੱਕ ਸੱਦਾ ਅਤੇ ਯਾਦ-ਦਹਾਨੀ ਹੈ ਕਿ ਉਨ੍ਹਾਂ ਦਾ ਆਪਣੇ ਰੱਬ ਦੀ ਇਬਾਦਤ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦੁਨੀਆ ਦੇ ਉਹਨਾਂ ਕੰਮਾਂ-ਕਾਰਾਂ ਨੂੰ ਛੱਡ ਦੇਣ ਜੋ ਉਨ੍ਹਾਂ ਦਾ ਧਿਆਨ ਭਟਕਾਉਂਦੇ ਹਨ, ਇਬਾਦਤ ਵੱਲ ਇੱਕਤਰ ਹੋ ਜਾਣ; ਅਤੇ ਆਪਣੇ ਹੱਥਾਂ ਵਿਚਲੇ ਵਪਾਰ ਜਾਂ ਖੇਤੀਬਾੜੀ ਨੂੰ ਛੱਡ ਕੇ ਅੱਲਾਹ ਵੱਲ ਮੁੜਨ। ਇਹ ਸੱਚੇ ਈਮਾਨ ਦੀ ਨਿਸ਼ਾਨੀ ਹੈ, ਅਤੇ ਈਮਾਨ ਦੁਨੀਆ ਦੀ ਹਰ ਚੀਜ਼ ਤੋਂ ਉੱਤੇ ਹੈ।

ਇਹ ਲੋਕਾਂ ਨੂੰ ਨਮਾਜ਼ ਵੱਲ ਬੁਲਾਉਣ ਦਾ ਇੱਕ ਸੱਦਾ ਹੈ, ਜੋ ਕਿ ਬੰਦੇ ਤੇ ਉਸਦੇ ਰੱਬ ਵਿਚਕਾਰ ਸਿੱਧਾ ਰਾਬਤਾ (ਸੰਬੰਧ) ਹੈ। ਇਹ ਇੱਕ ਅਜਿਹੀ ਇਬਾਦਤ ਹੈ ਜੋ ਊਚ-ਨੀਚ ਦੇ ਭੇਦ-ਭਾਵ ਨੂੰ ਖ਼ਤਮ ਕਰਦੀ ਹੈ ਅਤੇ ਲੋਕਾਂ ਨੂੰ ਆਪਣੇ ਰੱਬ ਦੇ ਸਾਹਮਣੇ ਬਰਾਬਰ ਕਰ ਦਿੰਦੀ ਹੈ।

ਹੱਯਾਅ ਅਲੱਲਫ਼ਲਾਹ, ਹੱਯਾਅ ਅਲੱਲਫ਼ਲਾਹ

ਆਵੋ ਕਾਮਯਾਬੀ ਵੱਲ

ਫਲਾਹ ਦਾ ਅਰਥ ਹੈ ਦੁਨਿਆ ਅਤੇ ਆਖਰਤ ਵਿੱਚ ਰਜ਼ਾ (ਸੰਤੁਸ਼ਟੀ), ਜਿੱਤ, ਸਲਾਮਤੀ ਤੇ ਛੁਟਕਾਰਾ, ਸਦੀਵੀ ਖੁਸ਼ੀ, ਅਤੇ ਸਿੱਧੇ ਰਾਹ ਵੱਲ ਹਿਦਾਇਤ।

ਇਸਦੇ ਅਰਥਾਂ ਦਾ ਭਾਵ ਹੈ ਕਿ ਅੱਲਾਹ ਦੀ ਰਜ਼ਾ ਹਾਸਲ ਕਰਨਾ, ਜੰਨਤ ਵਿੱਚ ਜਾਣਾ ਅਤੇ ਜਹੰਨਮ ਤੋਂ ਛੁਟਕਾਰਾ ਪਾਉਣਾ; ਕਿਉਂਕਿ ਜਿਸਨੇ ਈਮਾਨ ਲਿਆਂਦਾ ਅਤੇ ਨਮਾਜ਼ ਪੜ੍ਹੀ, ਉਹ ਸਫ਼ਲ ਹੋ ਗਿਆ, ਅਤੇ ਜੋ ਸਫ਼ਲ ਹੋ ਗਿਆ, ਉਹ ਬਚ ਗਿਆ ਅਤੇ ਉਸਨੇ ਜੰਨਤ ਵਿੱਚ ਸਦੀਵੀ ਰਹਿਣ ਦੀ ਕਾਮਯਾਬੀ ਹਾਸਲ ਕਰ ਲਈ।

ਬੇਸ਼ੱਕ ਮੁਅੱਜ਼ਿਨ (ਅਜ਼ਾਨ ਪੜ੍ਹਨ ਵਾਲਾ ਵਿਅਕਤੀ) ਹਰ ਨਮਾਜ਼ ਵੇਲੇ ਮੋਮਿਨਾਂ ਨੂੰ ਯਾਦ ਦਿਵਾਉਂਦਾ ਹੈ ਕਿ ਅਮਨ, ਸਲਾਮਤੀ, ਦਿਲ ਦੇ ਸਕੂਨ, ਰੂਹ ਦੀ ਪਵਿੱਤਰਤਾ, ਅਤੇ ਦੁਨੀਆ ਤੇ ਆਖ਼ਰਤ ਦੀ ਕਾਮਯਾਬੀ ਵੱਲ ਆਓ।

ਅੱਲਾਹੁ ਅਕਬਰ, ਅੱਲਾਹੁ ਅਕਬਰ, ਲਾ ਇਲਾਹ ਇਲ-ਲੱਲਾਹ।

ਤਕਬੀਰ (ਅੱਲਾਹੁ ਅਕਬਰ) ਅਤੇ ਤੌਹੀਦ (ਲਾ ਇਲਾਹ ਇਲ-ਲੱਲਾਹ ਭਾਵ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ) ਦੇ ਬੋਲ ਨਾਲ ਸਮਾਪਤੀ।

ਅਜ਼ਾਨ ਦਾ ਅੰਤ "ਅੱਲਾਹੁ ਅਕਬਰ" ਦੇ ਵਾਕ ਨੂੰ ਦੁਹਰਾਉਣ ਅਤੇ "ਲਾ ਇਲਾਹਾ ਇਲੱਲਾਹ" ਦੀ ਪੁਸ਼ਟੀ ਨਾਲ ਹੁੰਦਾ ਹੈ। ਇਹ ਦੋਵੇਂ ਵਾਕ ਪਿਛਲੇ ਅਰਥਾਂ ਦੀ ਪੁਸ਼ਟੀ ਕਰਦੇ ਹਨ, ਅਤੇ ਮਨੁੱਖੀ ਹੋਂਦ ਦਾ ਸਾਰਾ ਦਾਰੋਮਦਾਰ ਇਨ੍ਹਾਂ ਦੋਵਾਂ 'ਤੇ ਹੀ ਟਿਕਿਆ ਹੈ। ਇਹ ਸੱਚਾਈ ਸ੍ਰਿਸ਼ਟੀ ਦੀ ਸਭ ਤੋਂ ਵੱਡੀ ਸੱਚਾਈ ਹੈ, ਭਾਵੇਂ ਇਨਸਾਨ ਇਸ ਨੂੰ ਸਮਝੇ ਜਾਂ ਨਾ ਸਮਝੇ, ਇਸ ਬਾਰੇ ਜਾਣਦਾ ਹੋਵੇ ਜਾਂ ਨਾ ਜਾਣਦਾ ਹੋਵੇ; ਕਿਉਂਕਿ ਵੱਡੀਆਂ ਸੱਚਾਈਆਂ ਨੂੰ ਕੁੱਝ ਲੋਕਾਂ ਦੀ ਅਗਿਆਨਤਾ ਕਾਰਨ ਕੋਈ ਨੁਕਸਾਨ ਨਹੀਂ ਹੁੰਦਾ। ਇਹ ਸੱਚਾਈ ਨਾ ਤਾਂ ਬਦਲਦੀ ਹੈ ਅਤੇ ਨਾ ਹੀ ਬਦਲੀ ਜਾਵੇਗੀ, ਭਾਵੇਂ ਕਿੰਨਾ ਹੀ ਸਮਾਂ ਬੀਤ ਜਾਵੇ, ਅਤੇ ਭਾਵੇਂ ਕਿੰਨੀਆਂ ਹੀ ਘਟਨਾਵਾਂ ਵਾਪਰ ਜਾਣ। ਉਹ ਇਹ ਹੈ ਕਿ ਅੱਲਾਹ ਹਰ ਚੀਜ਼ ਤੋਂ ਵੱਡਾ ਹੈ, ਇਹ ਕਿ ਅੱਲਾਹ ਹੀ ਸੱਚਾ ਰੱਬ ਹੈ, ਇਹ ਕਿ ਉਹ ਇਕੱਲਾ ਹੀ ਇਬਾਦਤ ਦਾ ਹੱਕ ਰੱਖਦਾ ਹੈ, ਅਤੇ ਇਹ ਕਿ ਉਸ ਤੋਂ ਇਲਾਵਾ ਕਿਸੇ ਹੋਰ ਦੀ ਇਬਾਦਤ ਕਰਨੀ ਗਲਤ ਹੈ।

ਇਹ ਉਸ ਚੀਜ਼ ਨੂੰ ਮਹਾਨ ਮੰਨਣ ਦਾ ਸੱਦਾ ਹੈ ਜਿਸ ਨੂੰ ਅੱਲਾਹ ਨੇ ਮਹਾਨ ਕਿਹਾ ਹੈ, ਅੱਲਾਹ ਲਈ ਉਸ ਗੱਲ ਦੀ ਗਵਾਹੀ ਦੇਣਾ ਜਿਸ ਦੀ ਗਵਾਹੀ ਉਸਨੇ ਆਪ ਦਿੱਤੀ ਹੈ, ਉਸ ਦੇ ਰਸੂਲਾਂ (ਅਲੈਹਿਮੁਸਲਾਮ) ਨੇ ਉਸ ਲਈ ਦਿੱਤੀ ਹੈ, ਅਤੇ ਜਿਸ ਦੀ ਗਵਾਹੀ ਮੋਮਿਨਾਂ ਨੇ ਦਿੱਤੀ ਹੈ।

ਅਖੀਰ ਵਿੱਚ: ਅਜ਼ਾਨ ਸਿਰਫ਼ ਨਮਾਜ਼ ਲਈ ਇੱਕ ਬੁਲਾਵਾ ਨਹੀਂ ਹੈ, ਸਗੋਂ ਇਹ ਭਲਾਈ, ਜਿੱਤ ਅਤੇ ਸਫ਼ਲਤਾ ਦੀ ਇੱਕ ਪੁਕਾਰ ਹੈ। ਇਹ ਇੱਕ ਸੁਨੇਹਾ ਹੈ ਜੋ ਦਿਨ ਵਿੱਚ ਪੰਜ ਵਾਰ ਮਸਜਿਦਾਂ ਵਿੱਚ ਗੂੰਜਦਾ ਹੈ, ਜਿਹੜਾ ਦਿਲਾਂ ਨੂੰ ਜਗਾਉਂਦਾ ਹੈ; ਅਤੇ ਸਾਨੂੰ ਯਾਦ ਦਿਵਾਉਂਦਾ ਹੈ ਕਿ ਅੱਲਾਹ ਨੇੜੇ ਹੈ, ਕਿ ਸ਼ਾਂਤੀ ਅਤੇ ਸਕੂਨ ਸੰਭਵ ਹੈ, ਅਤੇ ਇਹ ਕਿ ਕਾਮਯਾਬੀ ਦਾ ਰਾਹ ਨਮਾਜ਼ ਨਾਲ ਅਤੇ ਬੰਦੇ ਤੇ ਉਸਦੇ ਰੱਬ ਦੇ ਵਿਚਕਾਰ ਸਬੰਧ ਨਾਲ ਸ਼ੁਰੂ ਹੁੰਦਾ ਹੈ।

ਇਸ ਲਈ ਮੁਅੱਜਜ਼ਿਨ ਦੇ ਨਾਲ ਦੁਹਰਾਓ: ਅੱਲਾਹੁ ਅਕਬਰ, ਅੱਲਾਹੁ ਅਕਬਰ, ਲਾ ਇਲਾਹਾ ਇੱਲੱਲਾਹ। ਤੌਹੀਦ ਦੀ ਗਵਾਹੀ ਨੂੰ ਦੁਹਰਾਓ, ਉਸ ਗੱਲ ਦੀ ਗਵਾਹੀ ਦਿਓ ਜਿਸਦੀ ਗਵਾਹੀ ਅੱਲਾਹ ਨੇ ਖੁਦ ਆਪਣੇ ਲਈ ਦਿੱਤੀ ਹੈ ਅਤੇ ਉਸ ਹੱਕ ਦੀ ਜੋ ਉਸਦੇ ਰਸੂਲ ਲੈ ਕੇ ਆਏ ਹਨ, ਤਾਂ ਜੋ ਤੁਸੀਂ ਕਾਮਯਾਬ ਹੋਣ ਵਾਲਿਆਂ ਅਤੇ ਤੌਹੀਦ ਨੂੰ ਮੰਨਣ ਵਾਲੇ ਮੁਸਲਮਾਨਾਂ ਵਿੱਚੋਂ ਹੋ ਜਾਵੋ।

ਆਪਣਾ ਦਿਲ ਈਮਾਨ ਲਈ ਖੋਲ੍ਹੋ, ਅਤੇ ਕਹੋ: “ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਹੋਰ ਕੋਈ ਸੱਚਾ ਰੱਬ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਰੱਬ ਦੇ ਦੂਤ ਹਨ।” ਤੁਸੀਂ ਅੱਲਾਹ ਦੀ ਰਹਿਮਤ ਵਿੱਚ ਦਾਖਲ ਹੋਵੋਗੇ, ਇਸ ਸੰਸਾਰ ਵਿੱਚ ਖੁਸ਼ੀ ਅਤੇ ਪਰਲੋਕ ਵਿੱਚ ਮੁਕਤੀ ਪ੍ਰਾਪਤ ਕਰੋਗੇ, ਅਤੇ ਕਿਆਮਤ ਦੇ ਦਿਨ ਮੋਮਿਨਾਂ (ਈਮਾਨ ਵਾਲਿਆਂ) ਦੇ ਨਾਲ ਉਠਾਏ ਜਾਓਗੇ।